22.3 C
Toronto
Wednesday, September 17, 2025
spot_img
Homeਪੰਜਾਬਮਹਿੰਦਰਪਾਲ ਦਾ ਹੋਇਆ ਅੰਤਿਮ ਸਸਕਾਰ

ਮਹਿੰਦਰਪਾਲ ਦਾ ਹੋਇਆ ਅੰਤਿਮ ਸਸਕਾਰ

ਫਾਸਟ ਟਰੈਕ ਅਦਾਲਤਾਂ ‘ਚ ਹੋਵੇਗੀ ਬੇਅਦਬੀ ਕੇਸਾਂ ਦੀ ਸੁਣਵਾਈ
ਕੋਟਕਪੂਰਾ/ਬਿਊਰੋ ਨਿਊਜ਼ : ਨਾਭਾ ਜੇਲ੍ਹ ਵਿਚ ਸ਼ਨਿਚਰਵਾਰ ਨੂੰ ਕਤਲ ਕੀਤੇ ਗਏ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਮ੍ਰਿਤਕ ਦੇਹ ਦਾ ਸੋਮਵਾਰ ਸ਼ਾਮ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਚਿਖ਼ਾ ਨੂੰ ਅਗਨੀ ਮਹਿੰਦਰਪਾਲ ਦੇ ਪੁੱਤਰ ਅਰਵਿੰਦਰ ਨੇ ਦਿਖਾਈ। ਅੰਤਿਮ ਸਸਕਾਰ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਪਹਿਲਾਂ ਡੇਰੇ ਦੇ ਨਾਮ ਚਰਚਾ ਘਰ ਵਿਚ ਪ੍ਰਸ਼ਾਸਨ ਤੇ ਡੇਰਾ ਸੱਚਾ ਸੌਦਾ ਦੀ ਕਾਰਜਕਾਰੀ ਕਮੇਟੀ ਦੀ ਬੰਦ ਕਮਰਾ ਮੀਟਿੰਗ ਹੋਈ। ਇਹ ਮੀਟਿੰਗ ਦੁਪਹਿਰੇ 12 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਚੱਲਦੀ ਰਹੀ।
ਪ੍ਰਸ਼ਾਸਨ ਵੱਲੋਂ ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ (ਫ਼ਰੀਦਕੋਟ) ਕੁਮਾਰ ਸੌਰਵ ਰਾਜ, ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਤੇ ਡੀਐੱਸਪੀ ਸ਼ਾਮਲ ਸਨ। ਡੇਰੇ ਦੀ ਕਾਰਜਕਾਰਨੀ ਕਮੇਟੀ ਵਿਚ ਮੈਂਬਰ ਰਾਮ ਸਿੰਘ ਤੇ ਡੇਰੇ ਦੇ ਹੋਰ ਕਈ ਆਗੂ ਸ਼ਾਮਲ ਹੋਏ। ਮੀਟਿੰਗ ਮਗਰੋਂ ਡੀਸੀ ਨੇ ਜਨਤਕ ਇਕੱਠ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਸੂਬੇ ਵਿਚ ਡੇਰਾ ਪ੍ਰੇਮੀਆਂ ਵਿਰੁੱਧ ਬੇਅਦਬੀ ਨਾਲ ਸਬੰਧਤ ਦਰਜ ਕੇਸਾਂ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਵਿਚ ਕੀਤੀ ਜਾਵੇਗੀ, ਮਰਹੂਮ ਬਿੱਟੂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਮਿਲੇਗੀ ਤੇ ਨਾਭਾ ਜੇਲ੍ਹ ਵਿਚ ਵਾਪਰੇ ਹੱਤਿਆ ਕਾਂਡ ਦੀ ਜਾਂਚ ਪੰਜਾਬ ਪੁਲਿਸ ਦੀ ਉੱਚ ਪੱਧਰੀ ਟੀਮ ਕਰੇਗੀ। ਡਿਪਟੀ ਕਮਿਸ਼ਨਰ ਵੱਲੋਂ ਕੀਤੇ ਐਲਾਨ ਮਗਰੋਂ ਡੇਰਾ ਪ੍ਰੇਮੀ ਸੰਤੁਸ਼ਟ ਨਜ਼ਰ ਆਏ ਤੇ ਸਸਕਾਰ ਕੀਤਾ ਗਿਆ। ਇਸ ਮੌਕੇ ਡੇਰਾ ਪ੍ਰੇਮੀਆਂ ਨੇ ਫ਼ਰੀਦਕੋਟ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਮੰਗ ਪੱਤਰ ਸੌਂਪਿਆ। ਇਸ ਵਿਚ ਹੱਤਿਆ ਦੀ ਜਾਂਚ ਰਿਪੋਰਟ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜਣ ਤੇ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪੈਰੋਕਾਰਾਂ ਨੇ ਜ਼ਮਾਨਤਾਂ ‘ਤੇ ਬਾਹਰ ਆਏ ਤੇ ਜੇਲ੍ਹਾਂ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ।
ਨੀਮ ਫ਼ੌਜੀ ਬਲਾਂ ਨੇ ਸ਼ਹਿਰ ਵਿਚ ਪੁਲਿਸ ਦੇ ਨਾਲ ਸੁਰੱਖਿਆ ਦੇ ਮੱਦੇਨਜ਼ਰ ਫਲੈਗ ਮਾਰਚ ਕੀਤਾ। ਇਸ ਮੌਕੇ ਆਈਜੀ ਮੁਖਵਿੰਦਰ ਸਿੰਘ ਛੀਨਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੇਰਾ ਪ੍ਰੇਮੀਆਂ ਨੇ ਨਾਭਾ ਜੇਲ੍ਹ ਵਿਚ ਕਤਲ ਕੀਤੇ ਗਏ ਬਿੱਟੂ ਦਾ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ। ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਨੇ ਮੰਗ ਕੀਤੀ ਸੀ ਕਿ ਜਦ ਤੱਕ ਪੰਜਾਬ ਸਰਕਾਰ ਸੂਬੇ ਵਿਚ ਡੇਰਾ ਪ੍ਰੇਮੀਆਂ ਖ਼ਿਲਾਫ਼ ਦਰਜ ਬੇਅਦਬੀ ਦੇ ਸਾਰੇ ਕੇਸਾਂ ਨੂੰ ਰੱਦ ਨਹੀਂ ਕਰਦੀ, ਸਸਕਾਰ ਨਹੀਂ ਕੀਤਾ ਜਾਵੇਗਾ।
ਬੈਰਕ ‘ਚ ਡੇਰੇ ਦੇ ਹੋਰ ਪੈਰੋਕਾਰਾਂ ਨਾਲ ਕੈਦ ਸੀ ਮਹਿੰਦਰਪਾਲ ਬਿੱਟੂ
ਮਹਿੰਦਰਪਾਲ ਬਿੱਟੂ ਦੀ ਜਾਨ ਨੂੰ ਖ਼ਤਰੇ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਨਾਭਾ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰੰ ਇੱਕ ਵੱਖਰੀ ਬੈਰਕ ਵਿੱਚ ਰੱਖਿਆ ਹੋਇਆ ਸੀ। ਬੈਰਕ ਵਿੱਚ ਡੇਰੇ ਨਾਲ ਸਬੰਧਤ ਹੋਰ ਪੈਰੋਕਾਰ ਜੋ ਬੇਅਦਬੀ ਕਾਂਡ ਦੇ ਦੋਸ਼ਾਂ ਵਿਚ ਘਿਰੇ ਹੋਏ ਹਨ, ਸਮੇਤ ਧੂਰੀ ਵਿਚ ਇੱਕ ਬੱਚੀ ਨਾਲ ਜਬਰ-ਜਨਾਹ ਦੇ ਕਥਿਤ ਦੋਸ਼ੀ ਵੀ ਬੰਦ ਸਨ। ਇਸ ਬੈਰਕ ਵਿੱਚ ਕੁੱਲ 13 ਹਵਾਲਾਤੀ ਜਾਂ ਕੈਦੀ ਬੰਦੀ ਸਨ ਤੇ ਕੁੱਲ 20 ਵਿਅਕਤੀਆਂ ਨੂੰ ਬੈਰਕ ਵਿੱਚ ਰੱਖਣ ਦੀ ਸਮਰੱਥਾ ਹੈ। ਬੈਰਕ ਵਿੱਚ ਬਣੇ ਕਮਰਿਆਂ ਵਿੱਚ ਵੀ ਬਿੱਟੂ ਨੂੰ ਇਕੱਠਾ ਰੱਖਿਆ ਜਾਂਦਾ ਸੀ ਜਦਕਿ ਹੋਰਨਾਂ ਕਮਰਿਆਂ ਵਿੱਚ ਦੋ ਜਾਂ ਤਿੰਨ ਵਿਅਕਤੀ ਹੀ ਰੱਖੇ ਜਾਂਦੇ ਸਨ। ਇਸ ਬੈਰਕ ਦਾ ਸੁਰੱਖਿਆ ਰਸਤਾ ਬਣਾਉਣ ਲਈ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਜੋ ਹੋਰਨਾਂ ਕੈਦੀਆਂ ਤੋਂ ਬਿੱਟੂ ਨੂੰ ਦੂਰ ਰੱਖਿਆ ਜਾ ਸਕੇ। ਬਿੱਟੂ ਨਾਲ ਮੁਲਾਕਾਤ ਲਈ ਵੀ ਹਫ਼ਤੇ ਵਿਚ ਇੱਕੋ ਦਿਨ ਤੈਅ ਕੀਤਾ ਗਿਆ ਸੀ ਤੇ ਇਸ ਦਿਨ ਹੋਰਨਾਂ ਕੈਦੀਆਂ ਤੇ ਹਵਾਲਾਤੀਆਂ ਨੂੰ ਬੈਰਕਾਂ ਵਿਚ ਬੰਦ ਕਰ ਦਿੱਤਾ ਜਾਂਦਾ ਸੀ। ਘਟਨਾ ਵਾਲੇ ਦਿਨ ਬਿੱਟੂ ਦਾ ਪਰਿਵਾਰ ਮੁਲਾਕਾਤ ਕਰਕੇ ਗਿਆ ਤੇ ਉਸੇ ਦਿਨ ਇੱਕ ਟੈਲੀਵਿਜ਼ਨ ਵੀ ਦੇ ਕੇ ਗਏ। ਟੈਲੀਵਿਜ਼ਨ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਦੂਰ ਰੱਖਿਆ ਹੋਣ ਕਾਰਨ ਬਿੱਟੂ ਜਦ ਟੈਲੀਵਿਜ਼ਨ ਲੈਣ ਲਈ ਜਾ ਰਿਹਾ ਸੀ, ਉਸ ਵੇਲੇ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ।

RELATED ARTICLES
POPULAR POSTS