Breaking News
Home / ਪੰਜਾਬ / ਬਿੱਟੂ ਕਤਲ ਮਾਮਲੇ ਦੀ ਪੂਰੀ ਤਹਿ ਤੱਕ ਜਾਇਆ ਜਾਵੇਗਾ : ਸੁਖਜਿੰਦਰ ਰੰਧਾਵਾ

ਬਿੱਟੂ ਕਤਲ ਮਾਮਲੇ ਦੀ ਪੂਰੀ ਤਹਿ ਤੱਕ ਜਾਇਆ ਜਾਵੇਗਾ : ਸੁਖਜਿੰਦਰ ਰੰਧਾਵਾ

ਕਿਹਾ – ਸਾਜ਼ਿਸ਼ ਤਹਿਤ ਕਰਵਾਇਆ ਹੋ ਸਕਦਾ ਹੈ ਡੇਰਾ ਪ੍ਰੇਮੀ ਦਾ ਕਤਲ
ਨਾਭਾ/ਬਿਊਰੋ ਨਿਊਜ਼ : ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ‘ਤੇ ਹੋਏ ਘਾਤਕ ਹਮਲੇ ਮਗਰੋਂ ਉਪਜੀ ਸਥਿਤੀ ਦਾ ਜਾਇਜ਼ਾ ਲੈਣ ਲਈ ਨਾਭਾ ਜੇਲ੍ਹ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ।
ਰੰਧਾਵਾ ਨੇ ਕਿਹਾ ਕਿ ਇਸ ਘਟਨਾ ਦੀ ਪੜਤਾਲ ਜਾਰੀ ਹੈ, ਜਿਥੇ ਵੀ ਕਿਤੇ ਕਮੀ ਸਾਹਮਣੇ ਆਈ ਉਸ ਲਈ ਜ਼ਿੰਮੇਵਾਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਤਹਿ ਤੱਕ ਜਾਇਆ ਜਾਵੇਗਾ ਅਤੇ ਜਲਦੀ ਹੀ ਇਸ ਦੀ ਰਿਪੋਰਟ ਆਉਣ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਬੇਅਦਬੀ ਘਟਨਾ ਦੇ ਬਾਕੀ ਦੋਸ਼ੀਆਂ ਨੂੰ ਜੇਲ੍ਹ ਅੰਦਰ ਮਿਲ ਕੇ ਆਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਪਹਿਲਾਂ ਕਦੇ ਉਨ੍ਹਾਂ ਨੂੰ ਅਜਿਹੀ ਘਟਨਾ ਬਾਬਤ ਕੋਈ ਧਮਕੀ ਨਹੀਂ ਮਿਲੀ ਅਤੇ ਨਾ ਹੀ ਕਦੇ ਕੋਈ ਅਜਿਹੀ ਗੱਲਬਾਤ ਹੋਈ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਆਪਸੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਵੇ। ਜੇਲ੍ਹ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ ਵੱਡੀ ਰਾਸ਼ੀ ਖਰਚ ਕੇ ਜੇਲ੍ਹਾਂ ਵਿਚ ਸੁਧਾਰ ਲਿਆਂਦੇ ਹਨ ਅਤੇ 11 ਜੇਲ੍ਹਾਂ ਵਿਚ ਉੱਚ ਸੁਰੱਖਿਆ ਜ਼ੋਨ ਉਸਾਰੇ ਜਾ ਰਹੇ ਹਨ ਪਰੰਤੂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪੁਲਿਸ ਸੁਧਾਰਾਂ ਦੀ ਤਰਜ ‘ਤੇ ਜੇਲ੍ਹਾਂ ਵਿਚ ਸੁਧਾਰਾਂ ਲਈ ਵੀ ਫੰਡ ਮੁਹੱਈਆ ਕਰਵਾਏ। ਰੰਧਾਵਾ ਨੇ ਕਿਹਾ ਕਿ ਇਹ ਘਟਨਾ ਇਸ ਕਰਕੇ ਵਾਪਰੀ ਹੈ ਕਿਉਂਕਿ ਜੇਲ੍ਹ ਅੰਦਰ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ 4 ਦਿਨਾ ਤੋਂ ਰਸਤਾ ਇੱਕ ਸੀ, ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਸੁਧਾਰ ਲਈ ਘੱਟੋ-ਘੱਟ 100 ਕਰੋੜ ਰੁਪਏ ਦੀ ਰਾਸ਼ੀ ਲੋੜੀਂਦੀ ਹੈ, ਜਿਸ ਲਈ ਕੇਂਦਰ ਸਰਕਾਰ ਨਾਲ ਏਡੀਜੀਪੀ ਤੇ ਜੇਲ੍ਹ ਵਿਭਾਗ ਦੇ ਸਕੱਤਰ ਵੱਲੋਂ ਲਗਾਤਾਰ ਰਾਬਤਾ ਸਾਧਿਆ ਹੋਇਆ ਹੈ।
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇਲ੍ਹ ਵਿਚ ਮਾਰੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਤੋਂ ਬਾਅਦ ਬੇਅਦਬੀ ਨਾਲ ਸਬੰਧਤ ਮਾਮਲਿਆਂ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਕੀਤੀ ਜਾ ਰਹੀ ਜਾਂਚ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦੀ ਤਹਿ ਤੱਕ ਜਾਣ ਲਈ ਐੱਸਆਈਟੀ ਨੇ ਬਿੱਟੂ ਕੋਲੋਂ ਪੁੱਛਗਿੱਛ ਕਰਨੀ ਸੀ ਪਰ ਹੋ ਸਕਦਾ ਹੈ ਸਾਜ਼ਿਸ਼ ਤਹਿਤ ਬਿੱਟੂ ਦਾ ਕਤਲ ਕਰਵਾ ਦਿੱਤਾ ਗਿਆ ਹੋਵੇ।
ਸਹਾਇਕ ਜੇਲ੍ਹ ਸੁਪਰਡੈਂਟ ਤੇ ਦੋ ਵਾਰਡਰ ਮੁਅੱਤਲઠ
ਚੰਡੀਗੜ੍ਹ : ਜੇਲ੍ਹ ਵਿਭਾਗ ਵਲੋਂ ਨਾਭਾ ਜੇਲ੍ਹ ਵਿਚ ਮਹਿੰਦਰਪਾਲ ਬਿੱਟੂ ਦੀ ਹੱਤਿਆ ਮਾਮਲੇ ਵਿਚ ਇਕ ਸਹਾਇਕ ਸੁਪਰਡੈਂਟ ਤੇ ਦੋ ਵਾਰਡਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ। ਰੰਧਾਵਾ ਨੇ ਦੱਸਿਆ ਕਿ ਵਿਸ਼ੇਸ਼ ਸੁਰੱਖਿਆ ਸੈੱਲ ਦੇ ਇੰਚਾਰਜ ਸਹਾਇਕ ਸੁਪਰਡੈਂਟ ਅਜਮੇਰ ਸਿੰਘ, ਵਾਰਡਰ ਮੇਜਰ ਸਿੰਘ ਤੇ ਅਮਨ ਗਿਰੀ ਨੂੰ ਸੁਰੱਖਿਆ ਵਿਚ ਅਣਗਹਿਲੀ ਦੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ। ਪੈਸਕੋ ਮੁਲਾਜ਼ਮ ਲਾਲ ਸਿੰਘ ਵਿਰੁੱਧ ਪੈਸਕੋ ਅਥਾਰਟੀ ਵਲੋਂ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਡੀ.ਆਈ. ਜੀ.ਪਟਿਆਲਾ ਵਲੋਂ ਜਾਂਚ ਕੀਤੀ ਜਾ ਰਹੀ ਹੈ।

Check Also

ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ

ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …