ਬੀਐਸਐਫ ਨੇ ਫਾਇਰਿੰਗ ਕਰਕੇ ਸੁੱਟਿਆ ਹੇਠਾਂ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਦੇ ਸਰਹੱਦੀ ਖੇਤਰ ਵਿਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦਾਖਲ ਹੋ ਗਿਆ। ਡਰੋਨ ਦੀ ਆਵਾਜ਼ ਸੁਣਦੇ ਹੀ ਬੀਐਸਐਫ ਦੇ ਜਵਾਨ ਵੀ ਚੌਕਸ ਹੋ ਗਏ ਅਤੇ ਉਨ੍ਹਾਂ ਨੇ ਡਰੋਨ ’ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਇਹ ਡਰੋਨ ਭਾਰਤੀ ਖੇਤਰ ਵਿਚ ਡਿੱਗ ਗਿਆ। ਸਰਹੱਦ ’ਤੇ ਤੈਨਾਤ ਬੀਐਸਐਫ ਦੇ ਜਵਾਨਾਂ ਨੇ ਇਲਾਕੇ ਵਿਚ ਸਰਚ ਅਪਰੇਸ਼ਨ ਚਲਾਇਆ ਤਾਂ ਜਵਾਨਾਂ ਨੂੰ ਇਹ ਡਰੋਨ ਖੇਤਾਂ ਵਿਚੋਂ ਮਿਲਿਆ। ਡਰੋਨ ਨੂੰ ਬੀਐਸਐਫ ਦੇ ਜਵਾਨਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਜ਼ਿਕਰਯੋਗ ਹੈ ਕਿ ਆਏ ਦਿਨ ਇਸ ਤਰ੍ਹਾਂ ਦੇ ਡਰੋਨ ਪਾਕਿਸਤਾਨ ਵਲੋਂ ਭੇਜੇ ਜਾਂਦੇ ਹਨ ਅਤੇ ਇਨ੍ਹਾਂ ਡਰੋਨਾਂ ਜ਼ਰੀਏ ਹੀ ਨਸ਼ਾ ਤਸਕਰ ਨਸ਼ੇ ਦੀ ਤਸਕਰੀ ਕਰਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਸ ਮਹੀਨੇ ਇਹ ਛੇਵਾਂ ਪਾਕਿਸਤਾਨੀ ਡਰੋਨ ਭਾਰਤੀ ਖੇਤਰ ਵਿਚ ਦਾਖਲ ਹੋਇਆ ਹੈ। ਇਸੇ ਦੌਰਾਨ ਐਨ.ਐਚ.ਏ.ਆਈ. ਵਲੋਂ ਜੇ.ਸੀ.ਪੀ. ਅਟਾਰੀ ਸਰਹੱਦ ਵਿਖੇ 418 ਫੁੱਟ ਉਚਾ ਤਿਰੰਗਾ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਤਿਰੰਗਾ ਲਗਾਉਣ ਤੋਂ ਬਾਅਦ 418 ਫੁੱਟ ਉਚਾ ਇਹ ਤਿਰੰਗਾ ਪੂਰੇ ਏਸ਼ੀਆ ਵਿਚ ਸਭ ਤੋਂ ਉਚਾ ਝੰਡਾ ਮੰਨਿਆ ਜਾਵੇਗਾ।