ਦੋ ਦਿਨ ਪਹਿਲਾਂ ਚੰਦਾ ਕੋਚਰ ਤੇ ਉਸਦੇ ਪਤੀ ਦੀ ਹੋਈ ਸੀ ਗਿ੍ਰਫਤਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀਬੀਆਈ ਨੇ ਅੱਜ ਵੀਡੀਓਕੋਨ ਗਰੁੱਪ ਦੇ ਚੇਅਰਮੈਨ ਵੇਣੂਗੋਪਾਲ ਨੂੰ ਗਿ੍ਰਫਤਾਰ ਕਰ ਲਿਆ ਹੈ। ਆਈਸੀਆਈਸੀਆਈ ਤੇ ਵੀਡੀਓਕੋਨ ਵਿਚਾਲੇ ਧੋਖਾਧੜੀ ਮਾਮਲੇ ਵਿਚ ਇਹ ਤੀਜੀ ਗਿ੍ਰਫਤਾਰੀ ਹੋਈ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਐਮਡੀ ਅਤੇ ਸੀਈਓ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਗਿ੍ਰਫਤਾਰ ਕੀਤਾ ਸੀ। ਚੰਦਾ ਕੋਚਰ ’ਤੇ ਮਾਰਚ 2018 ’ਚ ਆਪਣੇ ਪਤੀ ਨੂੰ ਆਰਥਿਕ ਲਾਭ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਆਰੋਪ ਲਗਾਇਆ ਗਿਆ ਸੀ। ਵੀਡੀਓਕੋਨ ਗਰੁੱਪ ਦੇ ਮਾਲਕ ਵੇਣੂਗੋਪਾਲ ਨੇ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਅਤੇ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਨਾਲ ਮਿਲ ਕੇ ਅਤੇ ਸਾਜਿਸ਼ ਰਚ ਕੇ ਕੰਪਨੀ ਬਣਾਈ ਸੀ। ਮੀਡੀਆ ਵਿਚ ਆਈ ਜਾਣਕਾਰੀ ਮੁਤਾਬਕ ਆਈਸੀਆਈਸੀਆਈ ਬੈਂਕ ਨੇ ਵੀਡੀਓਕੋਨ ਗਰੁੱਪ ਨੂੰ 3250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਵੀਡੀਓਕੋਨ ਗਰੁੱਪ ਨੇ ਇਸ ਕਰਜ਼ੇ ਦਾ 86 ਫੀਸਦੀ ਵਾਪਸ ਨਹੀਂ ਕੀਤਾ। ਸੀਬੀਆਈ ਅਨੁਸਾਰ ਵੀ ਆਈਸੀਆਈਸੀਆਈ ਬੈਂਕ ਨੇ ਵੀਡੀਓਕੋਨ ਗਰੁੱਪ ਦੀਆਂ ਕੰਪਨੀਆਂ ਨੂੰ 3250 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਦਿੱਤੀ ਸੀ ਜੋ ਕਿ ਬੈਂਕਿਗ ਰੈਗੂਲੇਸ਼ਨ ਐਕਟ, ਆਰਬੀਆਈ ਦੀਆਂ ਹਦਾਇਤਾਂ ਤੇ ਬੈਂਕ ਦੀ ਕਰਜ਼ਾ ਨੀਤੀ ਦੀ ਉਲੰਘਣਾ ਸੀ। ਦੱਸਣਯੋਗ ਹੈ ਕਿ ਜਨਵਰੀ 2020 ਵਿਚ ਈਡੀ ਨੇ ਕੋਚਰ ਪਰਿਵਾਰ ਦੀ 78 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਕੁਰਕ ਵੀ ਕੀਤੀ ਸੀ।

