4.3 C
Toronto
Friday, November 7, 2025
spot_img
Homeਭਾਰਤਜਸਟਿਸ ਕਰਣਨ ਨੂੰ 6 ਮਹੀਨਿਆਂ ਦੀ ਜੇਲ੍ਹ

ਜਸਟਿਸ ਕਰਣਨ ਨੂੰ 6 ਮਹੀਨਿਆਂ ਦੀ ਜੇਲ੍ਹ

ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਆਪਣੇ ਇਕ ਬੇਮਿਸਾਲ ਫ਼ੈਸਲੇ ਵਿੱਚ ਕਲਕੱਤਾ ਹਾਈਕੋਰਟ ਦੇ ਵਿਵਾਦਗ੍ਰਸਤ ਜੱਜ ਸੀ.ਐਸ. ਕਰਣਨ ਨੂੰ ਅਦਾਲਤੀ ਤੌਹੀਨ ਦਾ ਦੋਸ਼ੀ ਕਰਾਰ ਦਿੰਦਿਆਂ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਸੁਪਰੀਮ ਕੋਰਟ ਦੇ ਸੱਤ ਮੈਂਬਰੀ ਸੰਵਿਧਾਨਿਕ ਬੈਂਚ ਨੇ ਉਨ੍ਹਾਂ ਨੂੰ ਫ਼ੌਰੀ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ ਹਨ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੇ.ਐਸ.ਖੇਹਰ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਹੁਕਮਾਂ ਵਿੱਚ ਕਿਹਾ, ”ਸਾਡੀ ਇਹ ਇਤਫ਼ਾਕ ਰਾਇ ਹੈ ਕਿ ਜਸਟਿਸ ਸੀ.ਐਸ.ਕਰਣਨ ਨੇ ਅਦਾਲਤ ਦੀ ਤੌਹੀਨ, ਨਿਆਂ ਪਾਲਿਕਾ ਤੇ ਪ੍ਰਕਿਰਿਆ ਦੀ ਤੌਹੀਨ ਕੀਤੀ ਹੈ।” ਇਹ ਪਹਿਲੀ ਵਾਰ ਹੈ, ਜਦੋਂ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਮੌਜੂਦਾ ਜੱਜ ਨੂੰ ਅਦਾਲਤੀ ਮਾਣਹਾਨੀ ਦੇ ਦੋਸ਼ਾਂ ਤਹਿਤ ਕੈਦ ਦੀ ਸਜ਼ਾ ਸੁਣਾਈ ਹੋਵੇ। ਬੈਂਚ ਵਿੱਚ ਜਸਟਿਸ ਦੀਪਕ ਮਿਸ਼ਰਾ, ਜੇ.ਮਲਮੇਸ਼ਵਰ, ਰੰਜਨ ਗੋਗੋਈ, ਐਮ.ਬੀ.ਲੋਕੁਰ, ਪੀ.ਸੀ. ਘੋਸ਼ ਅਤੇ ਕੁਰੀਅਨ ਜੋਸਫ ਵੀ ਸ਼ਾਮਲ ਹਨ।
ਬੈਂਚ ਨੇ ਕਿਹਾ ਕਿ ਇਸ ਨੂੰ ਤਸੱਲੀ ਹੈ ਕਿ ਜਸਟਿਸ ਕਰਣਨ ਨੂੰ ਛੇ ਮਹੀਨਿਆਂ ਲਈ ਕੈਦ ਦੀ ਸਜ਼ਾ ਕੀਤੀ ਜਾਵੇ। ਬੈਂਚ ਨੇ ਆਪਣੇ ਹੁਕਮਾਂ ਵਿੱਚ ਸਾਫ਼ ਕਿਹਾ, ”ਸਜ਼ਾ ਨੂੰ ਅਮਲ ਵਿੱਚ ਲਿਆਂਦਾ ਜਾਵੇ ਤੇ ਉਸ (ਜਸਟਿਸ ਕਰਣਨ) ਨੂੰ ਫ਼ੌਰਨ ਹਿਰਾਸਤ ਵਿੱਚ ਲਿਆ ਜਾਵੇ।”
ਇਸ ਦੇ ਨਾਲ ਹੀ ਅਦਾਲਤ ਨੇ ਮੀਡੀਆ ਉਤੇ ਵੀ ਜਸਟਿਸ ਕਰਣਨ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਗਲੇਰੇ ਹੁਕਮਾਂ ਨੂੰ ਪ੍ਰਕਾਸ਼ਿਤ ਤੇ ਨਸ਼ਰ ਕਰਨ ਉਤੇ ਪਾਬੰਦੀ ਲਾ ਦਿੱਤੀ। ਇਸ ਮੌਕੇ ਪੱਛਮੀ ਬੰਗਾਲ ਵੱਲੋਂ ਪੇਸ਼ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਬੈਂਚ ਨੂੰ ਦੱਸਿਆ ਕਿ ਅਦਾਲਤ ਦੇ ਪਹਿਲੇ ਹੁਕਮਾਂ ਤਹਿਤ ਡੀਜੀਪੀ ਤੇ ਪੁਲਿਸ ਮੁਲਾਜ਼ਮਾਂ ਸਮੇਤ ਇਕ ਮੈਡੀਕਲ ਬੋਰਡ ਜਸਟਿਸ ਕਰਨਨ ਦੀ ਰਿਹਾਇਸ਼ ਉਤੇ ਉਨ੍ਹਾਂ ਦੀ ਜਾਂਚ ਲਈ ਗਿਆ ਸੀ। ਉਨ੍ਹਾਂ ਕਿਹਾ ਕਿ ਜਸਟਿਸ ਕਰਨਨ ਨੇ ਮੈਡੀਕਲ ਬੋਰਡ ਨੂੰ ਦਿੱਤੇ ਇਕ ਪੱਤਰ ਵਿੱਚ ਆਖਿਆ ਹੈ ਕਿ ਉਹ ਤੰਦਰੁਸਤ ਹਨ ਤੇ ਉਨ੍ਹਾਂ ਦੀ ਮਾਨਸਿਕ ਹਾਲਤ ਬਿਲਕੁਲ ਸਹੀ ਹੈ। ਦਿਵੇਦੀ ਨੇ ਇਹ ਪੱਤਰ ਬੈਂਚ ਨੂੰ ਪੜ੍ਹ ਕੇ ਵੀ ਸੁਣਾਇਆ।
ਦੂਜੇ ਪਾਸੇ ਐਡੀਸ਼ਨਲ ਸੌਲਿਸਿਟਰ ਜਨਰਲ ਮਹਿੰਦਰ ਸਿੰਘ ਨੇ ਕਿਹਾ ਕਿ ਜਸਟਿਸ ਕਰਣਨ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਸੁਪਰੀਮ ਕੋਰਟ ਦੇ ਜੱਜਾਂ ਖ਼ਿਲਾਫ਼ ਅਨੇਕਾਂ ਹੁਕਮ ਜਾਰੀ ਕੀਤੇ ਹਨ। ਮਦਰਾਸ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਪੇਸ਼ ਸੀਨੀਅਰ ਵਕੀਲ ਕੇ.ਕੇ. ਵੇਣੂਗੋਪਾਲ ਨੇ ਕਿਹਾ ਕਿ ਜੇ ਜਸਟਿਸ ਕਰਣਨ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਤਾਂ ਇਕ ਮੌਜੂਦਾ ਜੱਜ ਨੂੰ ਜੇਲ੍ਹ ਭੇਜੇ ਜਾਣ ਦੀ ਬਦਨਾਮੀ ਹੋਵੇਗੀ। ਇਸ ਉਤੇ ਬੈਂਚ ਨੇ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਦਾਲਤੀ ਮਾਣਹਾਨੀ ਕਰਨ ਵਾਲਾ ਕੋਈ ਜੱਜ ਹੈ ਜਾਂ ਆਮ ਆਦਮੀ। ਬੈਂਚ ਨੇ ਕਿਹਾ, ”ਜੇ ਅਸੀਂ ਉਸ ਨੂੰ ਜੇਲ੍ਹ ਨਹੀਂ ਭੇਜਦੇ ਤਾਂ ਇਹ ਬਦਨਾਮੀ ਵਾਲੀ ਗੱਲ ਹੋਵੇਗੀ ਕਿ ਇਕ ਜੱਜ ਨੂੰ ਤੌਹੀਨ ਕਰਨ ‘ਤੇ ਮੁਆਫ਼ ਕਰ ਦਿੱਤਾ ਗਿਆ।”
ਬੈਂਚ ਨੇ ਕਿਹਾ ਕਿ ਜਸਟਿਸ ਕਰਣਨ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ, ਕਿਉਂਕਿ ਉਨ੍ਹਾਂ ਖ਼ੁਦ ਹੀ ਆਖਿਆ ਹੈ ਕਿ ਉਹ ਮਾਨਸਿਕ ਤੌਰ ‘ਤੇ ਤੰਦਰੁਸਤ ਹਨ ਅਤੇ ਮੈਡੀਕਲ ਬੋਰਡ ਨੇ ਇਸ ਦੀ ਤਰਦੀਦ ਨਹੀਂ ਕੀਤੀ।
ਕਾਨੂੰਨੀ ਮਾਹਿਰਾਂ ਵੱਲੋਂ ਫ਼ੈਸਲਾ ਸਹੀ ਕਰਾਰ
ਨਵੀਂ ਦਿੱਲੀ: ਕਲਕੱਤਾ ਹਾਈਕੋਰਟ ਦੇ ਜਸਟਿਸ ਸੀ.ਐਸ. ਕਰਣਨ ਨੂੰ ਸੁਪਰੀਮ ਕੋਰਟ ਵੱਲੋਂ ਸੁਣਾਈ ਗਈ ਸਜ਼ਾ ਨੂੰ ਕਾਨੂੰਨੀ ਮਾਹਿਰਾਂ ਨੇ ਸਹੀ ਕਰਾਰ ਦਿੱਤਾ ਹੈ। ਭਾਰਤ ਦੇ ਸਾਬਕਾ ਚੀਫ਼ ਜਸਟਿਸ ਵੀ.ਐਨ.ਖਰੇ ਨੇ ਕਿਹਾ ਕਿ ਜਸਟਿਸ ਕਰਨਨ ਦੀ ‘ਮਾਨਸਿਕ ਹਾਲਤ ਠੀਕ ਨਹੀਂ’ ਤੇ ਉਹ ਇਸ ਸਜ਼ਾ ਦੇ ‘ਹੱਕਦਾਰ’ ਸਨ। ਦਿੱਲੀ ਹਾਈਕੋਰਟ ਦੇ ਸੇਵਾ-ਮੁਕਤ ਜੱਜ ਐਸ.ਐਨ.ਢੀਂਗਰਾ ਨੇ ਕਿਹਾ ਕਿ ਜਸਟਿਸ ਕਰਣਨ ਨੇ ਅਦਾਲਤ ਲਈ ‘ਹੋਰ ਕੋਈ ਚਾਰਾ’ ਨਹੀਂ ਸੀ ਛੱਡਿਆ। ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਨੇ ਵੀ ਇਸ ਦੀ ਹਾਮੀ ਭਰੀ।

RELATED ARTICLES
POPULAR POSTS