ਸੌ-ਸੌ ਕਰੋੜ ਰੁਪਏ ‘ਚ ਵਿਧਾਇਕ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ : ਕੁਮਾਰ ਸਵਾਮੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਨਾਟਕ ਵਿਚ ਸੱਤਾ ਹਾਸਲ ਕਰਨ ਲਈ ਭਾਜਪਾ ਅਤੇ ਜੇਡੀਐਸ – ਕਾਂਗਰਸ ਗਠਜੋੜ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਤਿੰਨੋਂ ਪਾਰਟੀਆਂ ਬਹੁਮਤ ਲਈ ਦਾਅਵਾ ਕਰ ਰਹੀਆਂ ਹਨ। ਇਸ ਦੇ ਚੱਲਦਿਆਂ ਜੇਡੀਐਸ ਤੇ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ‘ਤੇ ਖਰੀਦੋ ਫਰੋਖਤ ਦਾ ਇਲਜ਼ਾਮ ਲਗਾਇਆ ਹੈ। ਜਨਤਾ ਦਲ ਸੈਕੂਲਰ ਦੇ ਪ੍ਰਧਾਨ ਕੁਮਾਰ ਸਵਾਮੀ ਨੇ ਕਿਹਾ ਕਿ ਭਾਜਪਾ ਨੇਤਾ ਸਾਡੀ ਪਾਰਟੀ ਦੇ ਵਿਧਾਇਕਾਂ ਨੂੰ ਸੌ-ਸੌ ਕਰੋੜ ਰੁਪਏ ਦੇਣ ਦਾ ਲਾਲਚ ਦੇ ਰਹੇ ਹਨ। ਜਦਕਿ ਭਾਜਪਾ ਨੇ ਜੀਡੀਐਸ ਦੇ ਖਰੀਦੋ ਫਰੋਖਤ ਵਾਲੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਕੁਮਾਰ ਸਵਾਮੀ ਨੇ ਕਿਹਾ ਕਿ ਜਦੋਂ ਰਾਜਪਾਲ ਨੇ ਜੇਡੀਐਸ-ਕਾਂਗਰਸ ਗਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਨਾ ਦਿੱਤਾ ਤਾਂ ਭਲਕੇ ਸਾਡੀ ਪਾਰਟੀ ਦੇ ਵਿਧਾਇਕ ਰਾਜ ਭਵਨ ਦੇ ਸਾਹਮਣੇ ਧਰਨਾ ਦੇਣਗੇ। ਦੂਜੇ ਪਾਸੇ ਕਾਂਗਰਸ ਨੇ ਵੀ ਭਾਜਪਾ ਦੇ ਛੇ ਵਿਧਾਇਕਾਂ ਦੇ ਸੰਪਰਕ ‘ਚ ਹੋਣ ਦੀ ਗੱਲ ਕਹੀ ਹੈ। ਚੇਤੇ ਰਹੇ ਕਿ ਕਰਨਾਟਕ ਵਿਚ ਭਾਜਪਾ ਨੂੰ 104, ਕਾਂਗਰਸ ਨੂੰ 78 ਅਤੇ ਜੇਡੀਐਸ ਨੂੰ 38 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ।

