ਕਈ ਸ਼ਹਿਰਾਂ ’ਚ ਬਿਜਲੀ ਦੀ ਸਪਲਾਈ ਹੋਈ ਪ੍ਰਭਾਵਿਤ
ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਵਿਚ ਕ੍ਰਿਸਮਸ ਤੋਂ ਪਹਿਲਾਂ ਆਏ ਬਰਫੀਲੇ ਤੂਫਾਨ ਨੇ ਉਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਬਰਫੀਲੇ ਤੂਫਾਨ ਨੂੰ ਸਾਈਕਲੋਨ ਬੰਬ ਕਿਹਾ ਜਾ ਰਿਹਾ ਹੈ। ਮੀਡੀਆ ਵਿਚ ਆ ਰਹੀ ਜਾਣਕਾਰੀ ਮੁਤਾਬਕ ਬਰਫੀਲੇ ਤੂਫਾਨ ਕਾਰਨ ਤਾਪਮਾਨ ’ਚ ਤੇਜ਼ੀ ਨਾਲ ਆਈ ਗਿਰਾਵਟ ਦੇ ਕਾਰਨ 34 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੜਕਾਂ ’ਤੇ ਭਾਰੀ ਬਰਫ ਦੇ ਚੱਲਦਿਆਂ ਐਂਬੂਲੈਂਸ ਵੀ ਮਰੀਜ਼ਾਂ ਤੱਕ ਨਹੀਂ ਪਹੁੰਚ ਪਾ ਰਹੀ ਹੈ। ਇਸ ਬਰਫੀਲੇ ਤੂਫਾਨ ਕਾਰਨ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਹੋਇਆ ਹੈ ਅਤੇ ਕਈ ਸ਼ਹਿਰਾਂ ਵਿਚ ਬਿਜਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪੂਰੇ ਅਮਰੀਕਾ ਵਿਚ ਹਜ਼ਾਰਾਂ ਕਰਮਚਾਰੀਆਂ ਦਾ ਕੰਮਕਾਜ ਵੀ ਠੱਪ ਹੋ ਗਿਆ ਹੈ। ਉਧਰ ਮੈਕਸੀਕੋ ਵਿਚ ਵੀ ਤੂਫਾਨ ਦੇ ਅਸਰ ਕਾਰਨ ਤਾਪਮਾਨ ਜ਼ੀਰੋ ਤੋਂ ਵੀ 42 ਡਿਗਰੀ ਹੇਠਾਂ ਚਲਾ ਗਿਆ ਹੈ। ਖਰਾਬ ਮੌਸਮ ਦੇ ਚੱਲਦਿਆਂ ਅਮਰੀਕਾ ਵਿਚ 10 ਹਜ਼ਾਰ ਤੋਂ ਜ਼ਿਆਦਾ ਉਡਾਣਾਂ ਰੱਦ ਕਰਨੀਆਂ ਪਈਆਂ ਹਨ ਅਤੇ ਕਈ ਹਵਾਈ ਅੱਡਿਆਂ ਦੇ ਰਨਵੇਅ ਵੀ ਬਰਫ ਵਿਚ ਦਬ ਚੁੱਕੇ ਹਨ। ਸਰਦੀਆਂ ਵਿਚ ਆਏ ਇਸ ਤਰ੍ਹਾਂ ਦੇ ਭਿਆਨਕ ਤੂਫਾਨ ਨੂੰ ਸਾਈਕਲੋਨ ਬੰਬ ਕਿਹਾ ਜਾਂਦਾ ਹੈ। ਇਸ ਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਤੂਫਾਨ ਆਉਣ ਦੇ ਕੁਝ ਘੰਟਿਆਂ ਵਿਚ ਹੀ ਪੂਰਾ ਇਲਾਕਾ ਲੋਅ ਪਰੈਸ਼ਰ ਵਿਚ ਤਬਦੀਲ ਹੋ ਜਾਂਦਾ ਹੈ। ਇਸ ਨਾਲ ਇਲਾਕੇ ਵਿਚ ਭਾਰੀ ਬਰਫਬਾਰੀ ਹੁੰਦੀ ਹੈ ਅਤੇ ਤੇਜ਼ ਠੰਡੀਆਂ ਹਵਾਵਾਂ ਨਾਲ ਮੀਂਹ ਵੀ ਪੈਂਦਾ ਹੈ।