ਭਾਜਪਾ ਦੇ ਜਨਰਲ ਸਕੱਤਰ ਮਾਧਵ ਨੇ ਵਾਸ਼ਿੰਗਟਨ ‘ਚ ਸਿੱਖ ਭਾਈਚਾਰੇ ਨੂੰ ਕੀਤਾ ਸੰਬੋਧਨ
ਵਾਸ਼ਿੰਗਟਨ : ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਇਥੇ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਲਗਪਗ ਖ਼ਤਮ ਕਰ ਦਿੱਤੀ ਹੈ। ਗ਼ੌਰਤਲਬ ਹੈ ਕਿ ਇਸ ਸੂਚੀ ਵਿੱਚ ਸ਼ਾਮਲ ਨਾਂ ਵਾਲੇ ਸਿੱਖਾਂ ਨੂੰ 1980-90ਵਿਆਂ ਦੌਰਾਨ ਖ਼ਾਲਿਸਤਾਨੀ ਮੁਹਿੰਮ ਨਾਲ ਕਥਿਤ ਸਬੰਧਾਂ ਕਾਰਨ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾਂਦਾ ਸੀ। ਰਾਮ ਮਾਧਵ ਵਾਸ਼ਿੰਗਟਨ ਦੇ ਇਲਾਕੇ ਮੈਰੀਲੈਂਡ ਵਿੱਚ ਸਿੱਖ ਭਾਈਚਾਰੇ ਦੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ”ਅਸੀਂ ਗ਼ੈਰਮਨੁੱਖੀ ਕਾਲੀ ਸੂਚੀ ਲਗਪਗ ਖ਼ਤਮ ਕਰ ਦਿੱਤੀ ਹੈ, ਜਿਸ ਰਾਹੀਂ ਭਾਈਚਾਰੇ ਨੂੰ ਉਨ੍ਹਾਂ ਦੇ ਭਾਰਤ ਫੇਰੀ ਦੇ ਹੱਕ, ਹਰਿਮੰਦਰ ਸਾਹਿਬ ਦੇ ਦਰਸ਼ਨਾਂ ਅਤੇ ਆਪਣੇ ਕਰੀਬੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਹੱਕ ਤੋਂ ਵਾਂਝਾ ਕੀਤਾ ਜਾਂਦਾ ਸੀ।” ਉਨ੍ਹਾਂ ਕਿਹਾ, ”(ਕਾਲੀ) ਸੂਚੀ ਵਿੱਚ ਸਿਰਫ਼ ਕੁਝ ਨਾਂ ਬਚੇ ਹਨ। ਇਹ ਨਾਂ ਵੀ ਛੇਤੀ ਹੀ ਹਟਾ ਦਿੱਤੇ ਜਾਣਗੇ।” ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਮਿਲੀਆਂ ਹੋਈਆਂ ਪੇਸ਼ਗੀ ਜ਼ਮਾਨਤਾਂ ਖ਼ਤਮ ਕਰਨ ਲਈ ਵੀ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਵੱਖਰੇ ਤੌਰ ‘ਤੇ ਭਾਰਤੀ ਅਮਰੀਕੀ ਭਾਈਚਾਰੇ ਦੇ ਇਕ ਸਮਾਗਮ ਵਿੱਚ ਕਿਹਾ ਕਿ ਭਾਜਪਾ ਦੇਸ਼ ਦੇ ਸਾਰੇ 29 ਸੂਬਿਆਂ ਵਿਚ ਆਪਣੀਆਂ ਸਰਕਾਰਾਂ ਬਣਾਉਣ ਦੀ ਚਾਹਵਾਨ ਹੈ। ਉਨ੍ਹਾਂ ਕਿਹਾ, ”ਅਸੀਂ ਮਾਮੂਲੀ ਫ਼ਰਕ ਨਾਲ 22ਵੇਂ ਸੂਬੇ (ਕਰਨਾਟਕ) ਦੀ ਸੱਤਾ ਤੋਂ ਖੁੰਝ ਗਏ। ਇਸ ‘ਤੇ ਸਾਡਾ ਹੱਕ ਬਣਦਾ ਸੀ ਕਿਉਂਕਿ ਲੋਕਾਂ ਨੇ ਕਾਂਗਰਸ ਖ਼ਿਲਾਫ਼ ਵੋਟ ਦਿੱਤੀ ਸੀ।” ઠ
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …