ਢਾਕਾ ਹਮਲੇ ਦੇ ਮ੍ਰਿਤਕਾਂ ‘ਚ ਇਕ ਭਾਰਤੀ ਲੜਕੀ ਵੀ ਸ਼ਾਮਲ
ਢਾਕਾ/ਬਿਊਰੋ ਨਿਊਜ਼
ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਉੱਚ ਸੁਰੱਖਿਆ ਵਾਲੇ ਸਫ਼ਾਰਤੀ ਇਲਾਕੇ ਵਿੱਚ ਇਕ ਕੈਫੇ ‘ਤੇ ਹਮਲੇ ਦੌਰਾਨ ਆਈਐਸਆਈਐਸ ਦੇ ਸ਼ੱਕੀ ਅੱਤਵਾਦੀਆਂ ਨੇ ਬੰਦੀ ਬਣਾਏ 20 ਵਿਦੇਸ਼ੀਆਂ ਨੂੰ ਕਤਲ ਕਰ ਦਿੱਤਾ। ਮਰਨ ਵਾਲਿਆਂ ਵਿੱਚ ਇਕ ਭਾਰਤੀ ਲੜਕੀ ਸ਼ਾਮਲ ਹੈ। ਬੰਗਲਾਦੇਸ਼ ਦੇ ਹੁਣ ਤੱਕ ਦੇ ਇਸ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਵਿੱਚ ਸ਼ਾਮਲ ਛੇ ਹਮਲਾਵਰਾਂ ਨੂੰ ਕਮਾਂਡੋਜ਼ ਨੇ ਕੀਤੀ ਕਾਰਵਾਈ ਵਿੱਚ ਮਾਰ ਮੁਕਾਇਆ, ਜਦੋਂ ਕਿ ਇਕ ਨੂੰ ਜਿਊਂਦਾ ਫੜ ਲਿਆ।ਫੌਜੀ ਮੁਹਿੰਮਾਂ ਦੇ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਨਈਮ ਅਸ਼ਫਾਕ ਚੌਧਰੀ ਨੇ ਕਿਹਾ ਕਿ ਸੁਰੱਖਿਆ ਦਸਤਿਆਂ ਵੱਲੋਂ ਸਾਂਝੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਅੱਤਵਾਦੀਆਂ ਨੇ 20 ਬੰਦੀਆਂ ਦੀ ਹੱਤਿਆ ਕਰ ਦਿੱਤੀ।
ਇਨ੍ਹਾਂ ਵਿੱਚ ਜ਼ਿਆਦਾਤਰ ਦੀ ਗਲਾ ਵੱਢ ਕੇ ਹੱਤਿਆ ਕੀਤੀ ਗਈ। ਮਰਨ ਵਾਲਿਆਂ ਵਿੱਚ ਇਕ ਭਾਰਤੀ ਲੜਕੀ ਤਾਰੁਸ਼ੀ (18) ਸ਼ਾਮਲ ਹੈ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਤਾਰੁਸ਼ੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮ੍ਰਿਤਕਾਂ ਵਿੱਚ ਇਟਲੀ ਤੇ ਜਾਪਾਨ ਦੇ ਨਾਗਰਿਕ ਵੀ ਸ਼ਾਮਲ ਹਨ।
ਮੁਕਾਬਲੇ ਵਿੱਚ ਪੁਲਿਸ ਦੇ ਦੋ ਸੀਨੀਅਰ ਅਧਿਕਾਰੀ ਵੀ ਮਾਰੇ ਗਏ। ਚੌਧਰੀ ਨੇ ਕਿਹਾ ਕਿ ਮੁਕਾਬਲਾ ਖ਼ਤਮ ਹੋਣ ਮਗਰੋਂ ਹੋਲੀ ਆਰਟੀਸਨ ਬੇਕਰੀ ઠ ਰੇਸਤਰਾਂ ਵਿੱਚੋਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ, ਜਿਨ੍ਹਾਂ ਨੂੰ ਪਛਾਣ ਤੇ ਪੋਸਟਮਾਰਟਮ ਲਈ ਫੌਜੀ ਹਸਪਤਾਲ ਲੈ ਜਾਇਆ ਗਿਆ।
ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਇਹ ਮੁਕਾਬਲਾ ਖ਼ਤਮ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਛੇ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਤੇ ਇਕ ਨੂੰ ਗ੍ਰਿਫ਼ਤਾਰ ਕਰਕੇ 13 ਬੰਦੀਆਂ ਨੂੰ ਛੁਡਾ ਲਿਆ ਗਿਆ। ਟੈਲੀਵਿਜ਼ਨ ‘ਤੇ ਦਿੱਤੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਇਹ ਬੇਹੱਦ ਘਿਨਾਉਣਾ ਕਾਰਾ ਹੈ। ਇਹ ਲੋਕ ਕਿਹੋ ਜਿਹੇ ਮੁਸਲਮਾਨ ਹਨ? ਇਨ੍ਹਾਂ ਦਾ ਕੋਈ ਧਰਮ ਨਹੀਂ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਭਾਰਤ, ਬੰਗਲਾਦੇਸ਼ ਨਾਲ ਖੜ੍ਹਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ। ઠ ਇਸਲਾਮਿਕ ਸਟੇਟ ਨੇ ਆਪਣੀ ਅਮਾਕ ਖ਼ਬਰ ਏਜੰਸੀ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਦਾਅਵਾ ਇੰਟਰਨੈੱਟ ‘ਤੇ ਜਹਾਦੀਆਂ ਦੀਆਂ ਗਤੀਵਿਧੀਆਂ ਉਪਰ ਨਜ਼ਰ ਰੱਖਣ ਵਾਲੇ ਅਮਰੀਕਾ ਆਧਾਰਤ ‘ਸਾਈਟ’ ਖ਼ੁਫ਼ੀਆ ਗਰੁੱਪ ਨੇ ਕੀਤਾ ਹੈ।
ઠਛੁੱਟੀਆਂ ਮਨਾਉਣ ਗਈ ਸੀ ਤਾਰੁਸ਼ੀ
ਨਵੀਂ ਦਿੱਲੀ: ਢਾਕਾ ਦਹਿਸ਼ਤੀ ਹਮਲੇ ਵਿੱਚ ਮਾਰੀ ਗਈ ਭਾਰਤੀ ਲੜਕੀ ਤਾਰੁਸ਼ੀ ਜੈਨ, ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਦੀ ਵਿਦਿਆਰਥਣ ਸੀ। ਉਹ ਛੁੱਟੀਆਂ ਮਨਾਉਣ ਢਾਕਾ ਗਈ ਸੀ। ਅਧਿਕਾਰੀਆਂ ਅਨੁਸਾਰ ਤਾਰੁਸ਼ੀ ਦੇ ਪਿਤਾ 15-20 ਸਾਲਾਂ ਤੋਂ ਬੰਗਲਾਦੇਸ਼ ਵਿੱਚ ਕੱਪੜੇ ਦਾ ਕਾਰੋਬਾਰ ਕਰ ਰਹੇ ਹਨ। ਇਸ ਹਮਲੇ ਵਿੱਚ ਇਕ ਭਾਰਤੀ ਡਾਕਟਰ ਵਾਲ-ਵਾਲ ਬਚ ਗਿਆ। ਫਰਾਟੇਦਾਰ ਬੰਗਾਲੀ ਬੋਲਦਾ ਹੋਣ ਕਾਰਨ ਅੱਤਵਾਦੀਆਂ ਨੇ ਉਸ ਨੂੰ ਗਲਤੀ ਨਾਲ ਬੰਗਲਾਦੇਸ਼ੀ ਸਮਝ ਲਿਆ। ઠ
Check Also
ਰੂਸ ਨੇ ਯੂਕਰੇਨ ’ਤੇ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ
32 ਵਿਅਕਤੀਆਂ ਦੀ ਮੌਤ, 84 ਹੋਏ ਗੰਭੀਰ ਜ਼ਖ਼ਮੀ ਕੀਵ/ਬਿਊਰੋ ਨਿਊਜ਼ : ਰੂਸ ਨੇ ਯੂਕਰੇਨ ਦੇ …