ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਕੌਮਾਂਤਰੀ ਏਅਰਲਾਈਨ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਜਹਾਜ਼ ਵਿੱਚ ਸਵਾਰ 48 ਵਿਅਕਤੀਆਂ ਦੇ ਮਾਰੇ ਜਾਣ ਦਾ ਸੂਚਨਾ ਹੈ।
ਖ਼ੈਬਰ ਪਖ਼ਤੂਨਖਵਾ ਸੂਬੇ ਦੇ ਚਿਤਰਾਲ ਤੋਂ ਉੱਡਣ ਮਗਰੋਂ ਜਹਾਜ਼ ਐਬਟਾਬਾਦ ਦੀ ਫ਼ੌਜੀ ਛਾਉਣੀ ਨੇੜੇ ਪਹਾੜੀ ਇਲਾਕੇ ਵਿੱਚ ਪਟੋਲਾ ਪਿੰਡ ਨਜ਼ਦੀਕ ਡਿੱਗ ਗਿਆ। ਮਰਨ ਵਾਲਿਆਂ ਵਿੱਚ ਪੌਪ ਗਾਇਕ ਤੋਂ ਮੁਸਲਿਮ ਪ੍ਰਚਾਰਕ ਬਣੇ ਜੁਨੇਦ ਜਮਸ਼ੈਦ ਤੇ ਦੋ ਵਿਦੇਸ਼ੀ ਨਾਗਰਿਕ ਵੀ ਦੱਸੇ ਜਾਂਦੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸਬੰਧਤ ਪ੍ਰਸ਼ਾਸਨ ਨੂੰ ਮੌਕੇ ‘ਤੇ ਪੁੱਜ ਕੇ ਰਾਹਤ ਕਾਰਜ ਵਿੱਢਣ ਲਈ ਕਿਹਾ ਹੈ। ਪੀਆਈਏ ਦੇ ਜਹਾਜ਼ ਪੀਕੇ-661 ਨੇ ਖ਼ੈਬਰ ਪਖ਼ਤੂਨਖਵਾ ਸੂਬੇ ਤੋਂ ਸ਼ਾਮ ਸਾਢੇ ਤਿੰਨ ਵਜੇ ਦੇ ਕਰੀਬ ਉਡਾਣ ਭਰੀ ਸੀ ਤੇ ਇਸ ਨੇ 4:40 ਵਜੇ ਇਸਲਾਮਾਬਾਦ ਦੇ ਬੇਨਜ਼ੀਰ ਭੁੱਟੋ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਨਾ ਸੀ। ਹਵਾਈ ਕੰਪਨੀ ਦੇ ਬੁਲਾਰੇ ਮੁਤਾਬਕ ਜਹਾਜ਼ ਦੇ ਪਾਇਲਟ ਵੱਲੋਂ ਮਦਦ ਲਈ ਏਅਰ ਟਰੈਫਿਕ ਕੰਟਰੋਲਰ ਨਾਲ ਸੰਪਰਕ ਕਰਨ ਮਗਰੋਂ ਜਹਾਜ਼ ਰਾਡਾਰ ਤੋਂ ਲਾਂਭੇ ਹੋ ਗਿਆ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ 42 ਮੁਸਾਫ਼ਰ ਸਵਾਰ ਸਨ, ਜਿਨ੍ਹਾਂ ਵਿਚੋਂ ਨੌਂ ਮਹਿਲਾਵਾਂ ਤੇ ਦੋ ਬੱਚੇ ਸ਼ਾਮਲ ਹਨ ਜਦਕਿ ਜਹਾਜ਼ ਦੇ ਅਮਲੇ ਦੀਆਂ ਦੋ ਏਅਰ ਹੋਸਟੈੱਸ ਤੇ ਤਿੰਨ ਪਾਇਲਟਾਂ ਦੀ ਗਿਣਤੀ ਵੱਖਰੀ ਹੈ। ਮੁਸਾਫ਼ਰਾਂ ਵਿੱਚ ਦੋ ਵਿਦੇਸ਼ੀ ਨਾਗਰਿਕ ਵੀ ਦੱਸੇ ਜਾਂਦੇ ਹਨ।
ਅਧਿਕਾਰੀਆਂ ਮੁਤਾਬਕ ਜਹਾਜ਼ ਦਾ ਮਲਬਾ ਬਰਾਮਦ ਹੋ ਗਿਆ ਹੈ ਤੇ ਕਿਸੇ ਦੇ ਵੀ ਬਚਣ ਦੀ ਸੰਭਾਵਨਾ ਨਹੀਂ। ਹਾਲਾਂਕਿ ਅਧਿਕਾਰਤ ਤੌਰ ‘ਤੇ ਹਾਦਸੇ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ, ਪਰ ਐਵੀਏਸ਼ਨ ਹੇਰਾਲਡ ਦੀ ਰਿਪੋਰਟ ਮੁਤਾਬਕ ਜਹਾਜ਼ ਦੇ ਇੰਜਣ ਵਿੱਚ ਨੁਕਸ ਪੈ ਗਿਆ ਸੀ। ਉਂਜ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਈਦ ਅਨਵਰ ਦਾ ਬਚਾਅ ਹੋ ਗਿਆ। ਅਨਵਰ ਨੇ ਆਪਣੇ ਪਰਿਵਾਰ ਸਮੇਤ ਜਹਾਜ਼ ਵਿੱਚ ਸਵਾਰ ਹੋਣਾ ਸੀ, ਪਰ ਸਮੇਂ ਸਿਰ ਉਡਾਨ ਨਾ ਫੜ ਸਕਣ ਕਰਕੇ ਉਸ ਨੂੰ ਚਿਤਰਾਲ ਵਿੱਚ ਹੀ ਰੁਕਣਾ ਪਿਆ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …