Breaking News
Home / ਦੁਨੀਆ / ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖ਼ਲ ਹੁੰਦਿਆਂ 15 ਪੰਜਾਬੀ ਨੌਜਵਾਨ ਲਾਪਤਾ

ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖ਼ਲ ਹੁੰਦਿਆਂ 15 ਪੰਜਾਬੀ ਨੌਜਵਾਨ ਲਾਪਤਾ

ਵਾਸ਼ਿੰਗਟਨ/ਬਿਊਰੋ ਨਿਊਜ਼
ਮੈਕਸੀਕੋ ਅਤੇ ਬਹਾਮਸ ਨਾਲ ਲਗਦੀਆਂ ਅਮਰੀਕੀ ਸਰਹੱਦਾਂ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ 15 ਪੰਜਾਬੀ ਨੌਜਵਾਨਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਉੱਤਰੀ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਦੱਸਿਆ ਕਿ ਇਨ੍ਹਾਂ ‘ਚੋਂ 6 ਨੌਜਵਾਨ ਬਹਾਮਸ ਦੀਪ-ਅਮਰੀਕੀ ਸਰਹੱਦ ਪਾਰ ਕਰਦਿਆਂ ਲਾਪਤਾ ਹੋਏ ਅਤੇ 9 ਹੋਰ ਮੈਕਸੀਕੋ-ਅਮਰੀਕਾ ਸਰਹੱਦ ਪਾਰ ਕਰਦਿਆਂ ਗੁਆਚ ਗਏ। ਇਨ੍ਹਾਂ ਲਾਪਤਾ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਨਾਪਾ ਨੂੰ ਦੱਸਿਆ ਕਿ 56 ਜਣਿਆਂ ਦਾ ਗਰੁੱਪ, ਜਿਸ ‘ਚ ਜ਼ਿਆਦਾਤਾਰ ਪੰਜਾਬ ਤੋਂ ਸਨ, ਜਦ ਅਮਰੀਕੀ ਸਰਹੱਦ ਤੋਂ ਮਹਿਜ਼ ਇਕ ਘੰਟੇ ਦੇ ਦੂਰੀ ‘ਤੇ ਸੀ ਤਾਂ ਮੈਕਸੀਕੋ ਦੀ ਸੈਨਾ ਨੇ ਉਨ੍ਹਾਂ ਨੂੰ ਰੋਕਿਆ। ਚਾਹਲ ਨੇ ਦੱਸਿਆ ਕਿ ਉਨ੍ਹਾਂ ਨੇ 6 ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ, ਜਿਨ੍ਹਾਂ ਨੂੰ ਬਾਅਦ ‘ਚ ਛੱਡ ਦਿੱਤਾ ਗਿਆ ਅਤੇ ਉਹ ਅਮਰੀਕਾ ਪੁੱਜ ਗਏ ਅਤੇ ਬਾਕੀ ਨੌਜਵਾਨਾਂ ਨੂੰ ਉਹ ਨਾਲ ਲੈ ਗਏ ਅਤੇ ਉਹ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਪਣੇ ਪਰਿਵਾਰਾਂ ਨਾਲ ਗੱਲ ਕਰਨ ‘ਤੇ ਨੌਜਵਾਨਾਂ ਨੇ ਕਿਹਾ ਸੀ ਕਿ ਉਹ ਨਿਕਾਰਾਗੁਆ ‘ਚ ਸੁਰੱਖਿਅਤ ਉਤਰ ਗਏ ਹਨ ਅਤੇ ਉਹ ਗੁਆਟੇਮਾਲਾ ਤੋਂ ਮੈਕਸੀਕੋ ਸੜਕ ਰਾਹੀਂ ਜਾਣਗੇ। ਰਸਤੇ ‘ਚ ਉਨ੍ਹਾਂ ਤਿੰਨ ਵਾਰ ਫੋਨ ਕੀਤਾ ਅਤੇ ਬਾਅਦ ‘ਚ ਕਿਹਾ ਕਿ ਉਹ ਮੈਕਸੀਕੋ ਸੁਰੱਖਿਅਤ ਪੁੱਜ ਗਏ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਆਪਣੇ ਪੰਜਾਬ ਵਿਚਲੇ ਪਰਿਵਾਰਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਚਾਹਲ ਨੇ ਕਥਿਤ ਤੌਰ ‘ਤੇ ਕਿਹਾ ਕਿ ਦਿੱਲੀ ਦੇ ਇਕ ਏਜੰਟ ਨੇ ਹਰੇਕ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਲਈ ਉਨ੍ਹਾਂ ਦੇ ਪਰਿਵਾਰਾਂ ਤੋਂ ਪ੍ਰਤੀ ਨੌਜਵਾਨ ਸਾਢੇ 19 ਲੱਖ ਰੁਪਏ ਲਏ ਹਨ। ਇਸ ਦੇ ਇਲਾਵਾ ਪਰਿਵਾਰਾਂ ਨੇ ਮਿਲ ਕੇ ਵੱਖ-ਵੱਖ ਠੱਗ ਏਜੰਟਾਂ ਨੂੰ ਆਪਣੇ ਪਿਆਰਿਆਂ ਦਾ ਇਕ ਸ਼ਬਦ ਸੁਣਨ ਲਈ 45 ਲੱਖ ਰੁਪਏ ਦਿੱਤੇ ਹਨ। ਮੈਕਸੀਕੋ ਪੁੱਜਣ ਦੇ ਬਾਅਦ ਪਰਿਵਾਰਾਂ ਦੀ ਆਪਣੇ ਬੱਚਿਆਂ ਨਾਲ ਕਦੇ ਗੱਲ ਨਹੀਂ ਹੋਈ। ਚਾਹਲ ਨੇ ਦੋਸ਼ ਲਗਾਇਆ ਕਿ ਏਜੰਟਾਂ ਨੇ ਉਨ੍ਹਾਂ ਤੋਂ ਇਸ ਬਹਾਨੇ ਨਾਲ ਸਾਰੇ ਪੈਸੇ ਲੈ ਲਏ ਕਿ ਟੈਕਸਾਸ ਅਤੇ ਫਲੋਰਿਡਾ ਦੇ ਹਿਰਾਸਤੀ ਕੇਂਦਰਾਂ ‘ਚ ਇਹ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਲਾਪਤਾ ਹੋਏ ਲੜਕਿਆਂ ਨੇ ਮੈਕਸੀਕੋ ਉਤਰਨਾ ਸੀ (ਜਿਵੇਂ ਉਨ੍ਹਾਂ ਦੇ ਏਜੰਟਾਂ ਨੇ ਭਰੋਸਾ ਦਿਵਾਇਆ ਸੀ) ਪਰ ਉਨ੍ਹਾਂ ਨੂੰ ਨਿਕਾਰਾਗੁਆ ‘ਚ ਉਤਾਰਿਆ ਗਿਆ। 6 ਪੰਜਾਬੀ ਨੌਜਵਾਨਾਂ ਦਾ ਇਕ ਹੋਰ ਗਰੁੱਪ ਕਿਸ਼ਤੀ ਰਾਹੀਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਬਹਾਮਸ ਦੀਪ ਤੋਂ ਲਾਪਤਾ ਹੋ ਗਿਆ ਸੀ। ਉਨ੍ਹਾਂ ਬਹਾਮਸ ‘ਚ ਇਕ ਹੋਟਲ ਤੋਂ ਪੰਜਾਬ ਨੂੰ ਆਪਣੇ ਪਰਿਵਾਰਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਫਲੋਰਿਡਾ ਰਾਹੀਂ ਅਮਰੀਕੀ ਸਰਹੱਦ ਪਾਰ ਕਰਨਗੇ। ਇਸ ਤੋਂ ਬਾਅਦ ਲਾਪਤਾ 6 ਨੌਜਵਾਨਾਂ ਦੀ ਪੰਜਾਬ ‘ਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲ ਨਹੀਂ ਹੋਈ। ਹੁਣ ਪਰਿਵਾਰਕ ਮੈਂਬਰ ਆਪਣਿਆਂ ਦੀ ਸਲਾਮਤੀ ਜਾਣਨ ਬਾਰੇ ਬਹੁਤ ਵਿਆਕੁਲ ਹਨ। ਚਾਹਲ ਨੇ ਭਾਰਤ ਤੇ ਪੰਜਾਬ ਸਰਕਾਰ ਦੋਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਮੈਕਸੀਕੋ ਅਤੇ ਅਮਰੀਕੀ ਸਰਕਾਰਾਂ ਨਾਲ ਸੰਪਰਕ ਬਣਾ ਕੇ ਲਾਪਤਾ ਨੌਜਵਾਨਾਂ ਨੂੰ ਲੱਭੇ, ਘੱਟੋ ਘੱਟ ਇਹ ਪਤਾ ਲਗਾਏ ਕਿ ਉਹ ਜਿਊਂਦੇ ਹਨ ਜਾਂ ਮਰ ਚੁੱਕੇ ਹਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …