ਬਾਬੇ ਨਾਨਕ ਦੀ ਯਾਦ ਵਿਚ ਪਾਕਿਸਤਾਨ ‘ਚ ਲਗਾਇਆ ਜਾਵੇਗਾ ਜੰਗਲ
ਲਾਹੌਰ/ਬਿਊਰੋ ਨਿਊਜ਼ : ਵਾਸ਼ਿੰਗਟਨ ਡੀਸੀ ਦੀ ਈਕੋ ਸਿੱਖ ਸੰਸਥਾ ਵਲੋਂ ਪਾਕਿਸਤਾਨ ਵਿੱਚ ‘ਗੁਰੂ ਨਾਨਕ ਪਵਿੱਤਰ ਜੰਗਲ’ ਲਾਇਆ ਜਾਵੇਗਾ। ਇਸ ਕੰਮ ਵਿਚ ਪਾਕਿਸਤਾਨ ਦੀ ਸੰਸਥਾ ‘ਰਿਸਟੋਰ’ ਵੱਲੋਂ ਸਹਿਯੋਗ ਦਿੱਤਾ ਜਾਵੇਗਾ ਤੇ ਇਹ ਜੰਗਲ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗਾ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਨਵੰਬਰ ਵਿਚ ਮਨਾਇਆ ਜਾ ਰਿਹਾ ਹੈ ਤੇ ਇਸ ਦਿਸ਼ਾ ਵਿਚ ਪਾਕਿਸਤਾਨ ਸਰਕਾਰ ਨੇ ਵੀ ਕਈ ਪ੍ਰਾਜੈਕਟ ਸ਼ੁਰੂ ਕੀਤੇ ਹੋਏ ਹਨ।ਦੱਸਣਯੋਗ ਹੈ ਕਿ ਕਸੂਰ ਜ਼ਿਲ੍ਹੇ ਵਿਚ ਪੰਜਾਬੀ ਭਾਸ਼ਾ ਰਿਸਰਚ ਸੈਂਟਰ ਖੋਜਗੜ੍ਹ ਵਿੱਚ ਹੀ ਇਹ ਜੰਗਲ ਬਣਾਇਆ ਜਾ ਰਿਹਾ ਹੈ। ਇਸ ਕੇਂਦਰ ਦੇ ਡਾਇਰੈਕਟਰ ਇਕਬਾਲ ਕੈਸਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਕੁਦਰਤ ਪ੍ਰੇਮੀ ਸਨ ਤੇ ਉਨ੍ਹਾਂ ਦੀ ਯਾਦ ਵਿਚ ਪਵਿੱਤਰ ਜੰਗਲ ਲਾਉਣ ਤੋਂ ਵੱਡਾ ਕੋਈ ਹੋਰ ਉਪਰਾਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਚਾਰ ਦਿਸ਼ਾਵਾਂ ਵਿਚ ਜਾ ਕੇ ਲੋਕਾਂ ਨੂੰ ਪਿਆਰ ਦਾ ਪੈਗਾਮ ਦਿੱਤਾ ਤੇ ਉਨ੍ਹਾਂ ਵਲੋਂ ਵੀ ਇਸ ਦਿਸ਼ਾ ਵਿਚ ਹੋਰ ਕੰਮ ਕਰਨ ਦਾ ਯਤਨ ਕੀਤਾ ਜਾਵੇਗਾ। ‘ਰਿਸਟੋਰ’ ਦੇ ਸਰਪ੍ਰਸਤ ਬਿਲਾਲ ਏ ਚੌਧਰੀ ਨੇ ਦੱਸਿਆ ਕਿ ਉਹ ਈਕੋਸਿੱਖ ਨਾਲ ਇਸ ਪ੍ਰਾਜੈਕਟ ‘ਤੇ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਵਲੋਂ ਆਮ ਲੋਕਾਂ ਨੂੰ ਵੀ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਨੁੱਖ ਦਾ ਆਦਿ ਕਾਲ ਤੋਂ ਹੀ ਦਰਖੱਤਾਂ ਨਾਲ ਨਾਤਾ ਰਿਹਾ ਹੈ ਤੇ ਦਰੱਖਤਾਂ ਨਾਲ ਹੀ ਮਨੁੱਖ ਨੂੰ ਕਈ ਫਾਇਦੇ ਹੋ ਰਹੇ ਹਨ ਤੇ ਕਈ ਦੇਸ਼ ਵਾਤਾਵਰਣ ਦੀ ਸਮੱਸਿਆ ਨਾਲ ਜੂਝ ਰਹੇ ਹਨ ਜਿਸ ਕਰਕੇ ਉਥੇ ਵਾਤਾਵਰਣ ਦੀ ਸੰਭਾਲ ਲਈ ਕਈ ਕੰਮ ਕੀਤੇ ਜਾਣੇ ਹਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …