ਸੈਂਟੀਆਗੋ : ਕਿਊਬਾ ਦੇ 20ਵੀਂ ਸਦੀ ਦੇ ਕ੍ਰਾਂਤੀਕਾਰੀ ਹੀਰੋ ਫੀਦਲ ਕਾਸਤਰੋ ਦੇ ਮ੍ਰਿਤਕ ਸਰੀਰ ਨੂੰ ਐਤਵਾਰ ਨੂੰ 19ਵੀਂ ਸਦੀ ਦੇ ਕਿਊਬਾ ਦੀ ਆਜ਼ਾਦੀ ਦੇ ਹੀਰੋ ਹੋਸੇ ਮਾਰਤੀ ਦੀ ਸਮਾਧੀ ਦੇ ਬਿਲਕੁਲ ਨਾਲ ਦਫਨਾਇਆ ਗਿਆ। ਸਾਂਤਾ ਇਫੇਗੇਨਿਆ ਦੇ ਕਬਿਰਸਤਾਨ ‘ਚ ਇਹ ਪੂਰਨ ਤੌਰ ‘ਤੇ ਨਿੱਜੀ ਅਤੇ ਸਾਦੇ ਸਮਾਰੋਹ ‘ਚ ਹੋਇਆ। ਇਸ ਤੋਂ ਪਹਿਲਾਂ ਪੂਰੇ ਦੇਸ਼ ਨੇ ਫੀਦਲ ਕਾਸਤਰੋ ਨੂੰ ਸ਼ਰਧਾਂਜਲੀ ਦਿੱਤੀ। ਫੀਦਲ ਕਾਸਤਰੋ ਦਾ ਸਰੀਰ ਮਿਲਟਰੀ ਦੀ ਗ੍ਰੀਨ ਜੀਪ ‘ਚ ਚਾਰ ਦਿਨ ਦੇ ਲਗਭਗ 1000 ਕਿਲੋਮੀਟਰ ਤੱਕ ਦੀ ਯਾਤਰਾ ਤਹਿ ਕਰਕੇ ਸੈਂਟੀਆਗੋ ਤੱਕ ਪਹੰਚਿਆ। ਇਸ 1000 ਕਿਲੋਮੀਟਰ ਦੇ ਸਫ਼ਰ ‘ਚ ਹਜ਼ਾਰਾਂ ਲੋਕਾਂ ਨੇ ਸ਼ਰਧਾਂਜਲੀ ਦਿੱਤੀ। ਕਿਊਬਾ ਦੇ ਕ੍ਰਾਂਤੀਕਾਰੀ ਨੇਤਾ ਫੀਦਲ ਕਾਸਤਰੋ ਦਾ 25 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਉਹ 90 ਵਰ੍ਹਿਆਂ ਦੇ ਸਨ।
ਵਿਸ਼ਵ ਦੇ ਕਈ ਨੇਤਾ ਹੋਏ ਸ਼ਾਮਲ : ਆਮ ਲੋਕਾਂ ਦੇ ਇਕੱਠ ਤੋਂ ਇਲਾਵਾ ਫੀਦਲ ਕਾਸਤਰੋ ਦੀ ਅੰਤਿਮ ਯਾਤਰਾ ‘ਚ ਵਿਸ਼ਵ ਦੇ ਕਈ ਨੇਤਾ ਸ਼ਾਮਲ ਹੋਏ। ਇਨ੍ਹਾਂ ‘ਚ ਬੋਲਵੀਆ ਦੇ ਰਾਸ਼ਟਰਪਤੀ ਇਵੋ ਮੋਰਾਲੇਸ, ਨਿਕਾਰਾਗੁਆ ਦੇ ਨੇਤਾ ਡੇਨੀਅਲ ਓਤਰਗੇ, ਵੈਨਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ, ਬ੍ਰਾਜ਼ੀਲ ਦੇ ਦੋ ਸਾਬਕਾ ਰਾਸ਼ਟਰਪਤੀ ਡਿਲਮਾ ਰੁਸੇਫ ਅਤੇ ਸਿਲਵਾ ਮੌਜੂਦ ਸਨ।
ਫੀਦਲ ਕਾਸਤਰੋ ਦੇ ਨਾਮ ‘ਤੇ ਯਾਦਗਾਰਾਂ ਦੇ ਨਾਂ ਰੱਖਣ ‘ਤੇ ਹੋਵੇਗੀ ਪਾਬੰਦੀ
ਫੀਦਲ ਕਾਸਤਰੋ ਦੇ ਛੋਟੇ ਭਾਈ ਅਤੇ ਕਿਊਬਾ ਦੇ ਰਾਸ਼ਟਰਪਤੀ ਰਾਓਲ ਕਾਸਤਰੋ ਨੇ ਐਲਾਨ ਕੀਤਾ ਹੈ ਕਿ ਫੀਦਲ ਕਾਸਤਰੋ ਦੇ ਨਾਮ ‘ਤੇ ਦੇਸ਼ ਦੀ ਕਿਸੇ ਵੀ ਇਮਾਰਤ, ਯੂਨੀਵਰਸਿਟੀ ਜਾਂ ਮੂਰਤੀ ਅਤੇ ਸੜਕ ਦਾ ਨਾਂ ਫੀਦਲ ਕਾਸਤਰੋ ਦੇ ਨਾਂ ‘ਤੇ ਨਹੀਂ ਰੱਖਿਆ ਜਾਵੇਗਾ। ਰਾਓਲ ਨੇ ਫੀਦਲ ਕਾਸਤਰੋ ਦੀ ਕ੍ਰਾਂਤੀਕਾਰੀ ਅਤੇ ਸਮਾਜਵਾਦੀ ਵਿਰਾਸਤ ਦੀ ਰੱਖਿਆ ਕਰਨ ਦਾ ਪ੍ਰਣ ਲਿਆ। ਉਨ੍ਹਾਂ ਨੇ ਕਿਹਾ ਕਿ ਫੀਦਲ ਕਾਸਤਰੋ ਨੂੰ ਕੋਈ ਹਰਾ ਨਹੀਂ ਸਕਿਆ। ਉਹ ਅਜੇਤੂ ਰਹੇ। ਜਦੋਂ ਉਹ ਰਾਸ਼ਟਰਪਤੀ ਸਨ ਉਨ੍ਹਾਂ ਉਦੋਂ ਵੀ ਕਿਸੇ ਇਮਾਰਤ ਜਾਂ ਸਥਾਨ ਦਾ ਨਾਂ ਆਪਣੇ ਨਾਂ ‘ਤੇ ਰੱਖਣਾ ਪਸੰਦ ਨਹੀਂ ਸੀ, ਕਿਉਂਕਿ ਉਹ ਇਸ ਦੇ ਖਿਲਾਫ਼ ਸਨ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …