Breaking News
Home / ਦੁਨੀਆ / ਸ਼੍ਰੋਮਣੀ ਕਮੇਟੀ ਨੇ ਅਮਰੀਕਾ ‘ਚ ਭਾਰਤੀ ਸਫ਼ੀਰ ਨੂੰ ਪੱਤਰ ਭੇਜਿਆ

ਸ਼੍ਰੋਮਣੀ ਕਮੇਟੀ ਨੇ ਅਮਰੀਕਾ ‘ਚ ਭਾਰਤੀ ਸਫ਼ੀਰ ਨੂੰ ਪੱਤਰ ਭੇਜਿਆ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਨਿਊਯਾਰਕ ਪੁਲਿਸ ‘ਚ ਸਿੱਖਾਂ ਨੂੰ ਦਾੜੀ ਰੱਖਣ ਤੋਂ ਰੋਕਣ ਵਾਲੇ ਨਿਯਮ ਵਿਰੁੱਧ ਸਖ਼ਤ ਇਤਰਾਜ਼ ਜਤਾਇਆ ਹੈ ਤੇ ਇਸ ਸਬੰਧੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੂੰ ਪੱਤਰ ਭੇਜਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ਵਿਚ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਪਾਸੋਂ ਵੀ ਦਖ਼ਲ ਦੀ ਮੰਗ ਕੀਤੀ ਹੈ। ਅਮਰੀਕਾ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਲਿਖੇ ਪੱਤਰ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੁਰੱਖਿਆ ਦੇ ਨਾਂ ਹੇਠ ਅਮਰੀਕਾ ਪੁਲਿਸ ਵੱਲੋਂ ਸਿੱਖਾਂ ਨੂੰ ਦਾੜੀ ਰੱਖਣ ਤੋਂ ਰੋਕਣ ਦਾ ਨਿਯਮ ਤਰਕਸੰਗਤ ਨਹੀਂ ਹੈ। ਗੈਸ ਮਾਸਕ ਦੇ ਹਵਾਲੇ ਨਾਲ ਦਾੜੀ ਰੱਖਣ ‘ਤੇ ਪਾਬੰਦੀ ਗਲਤ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦਾੜੀ ਬੰਨ ਕੇ ਗੈਸ ਮਾਸਕ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ, ਇਸ ਦੀ ਉਦਾਹਰਨ ਭਾਰਤੀ ਫ਼ੌਜ ਵਿਚ ਸੇਵਾ ਕਰ ਰਹੇ ਸਿੱਖ ਸਿਪਾਹੀ ਹਨ ਜੋ ਦੁਨੀਆ ਦੀਆਂ ਸਿਖਰਲੀਆਂ ਫ਼ੌਜਾਂ ਵਿੱਚ ਇਕ ਹੈ। ਧਾਮੀ ਨੇ ਕਿਹਾ, ”ਸਿੱਖਾਂ ਵੱਲੋਂ ਕੇਸ ਨਾ ਕੱਟਣੇ ਆਪਣੇ ਗੁਰੂ ਸਾਹਿਬਾਨ ਅਤੇ ਧਰਮ ਪ੍ਰਤੀ ਵਚਨਬੱਧਤਾ ਹੈ ਅਤੇ ਨਿਊਯਾਰਕ ਪੁਲਿਸ ਵੱਲੋਂ ਸਿੱਖ ਸਿਪਾਹੀਆਂ ਨੂੰ ਦਾੜੀ ਰੱਖਣ ਤੋਂ ਰੋਕਣ ਦਾ ਕਾਨੂੰਨ ਸਿੱਖਾਂ ਦੀ ਧਾਰਮਿਕ ਆਜ਼ਾਦੀ ‘ਤੇ ਹਮਲਾ ਹੈ। ਅਮਰੀਕਾ ਵਰਗੇ ਲੋਕਤੰਤਰੀ ਦੇਸ਼ ਵਿੱਚ ਸਿੱਖ ਭਾਈਚਾਰੇ ਨਾਲ ਅਜਿਹਾ ਵਿਤਕਰਾ ਠੀਕ ਨਹੀਂ ਹੈ।” ਉਨਾਂ ਨੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇਸ ਮਾਮਲੇ ਵਿਚ ਦਖ਼ਲ ਦੇ ਕੇ ਅਤੇ ਨਿਊਯਾਰਕ ਪੁਲਿਸ ਦੀ ਸਿੱਖ ਵਿਰੋਧੀ ਨੀਤੀ ‘ਤੇ ਇਤਰਾਜ਼ ਪ੍ਰਗਟਾਉਣ ਦੀ ਅਪੀਲ ਕੀਤੀ ਹੈ।

Check Also

ਪਾਕਿਸਤਾਨ ਦੇ ਸ਼ਹਿਰ ਲਾਹੌਰ ਅਤੇ ਮੁਲਤਾਨ ’ਚ ਲੱਗਿਆ ਲਾਕਡਾਊਨ

ਵਧੇ ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਸਰਕਾਰ ਨੇ ਲਿਆ ਫੈਸਲਾ ਅਟਾਰੀ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਪਿਛਲੇ …