ਕਾਬੁਲ/ਬਿਊਰੋ ਨਿਊਜ਼ : ਤਾਲਿਬਾਨ ਨੇ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ‘ਚੋਂ ਵਿਦੇਸ਼ੀ ਫ਼ੌਜਾਂ ਦੀ ਵਾਪਸੀ 31 ਅਗਸਤ ਤੱਕ ਮੁਕੰਮਲ ਹੋ ਜਾਵੇ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਸਮੇਂ ‘ਚ ਲੋਕਾਂ ਨੂੰ ਅਫ਼ਗਾਨਿਸਤਾਨ ‘ਚੋਂ ਕੱਢਣ ਦੇ ਮਿਸ਼ਨ ਦੀ ਮਿਆਦ ਵੀ 31 ਅਗਸਤ ਤੋਂ ਬਾਅਦ ਨਹੀਂ ਵਧਾਈ ਜਾਵੇਗੀ। ਯੂਕੇ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਲਈ 31 ਅਗਸਤ ਦੀ ਮਿਆਦ ਨੂੰ ਵਧਾਉਣ ਲਈ ਦਬਾਅ ਪਾਏ ਜਾਣ ਦੀਆਂ ਰਿਪੋਰਟਾਂ ਦਰਮਿਆਨ ਤਾਲਿਬਾਨ ਦੇ ਤਰਜਮਾਨ ਮੁਹੰਮਦ ਸੁਹੇਲ ਸ਼ਾਹੀਨ ਨੇ ਇਹ ਜਾਣਕਾਰੀ ਦਿੱਤੀ।
ਸ਼ਾਹੀਨ ਨੇ ਕਿਹਾ ਕਿ ਵਿਦੇਸ਼ੀ ਫ਼ੌਜਾਂ ਨੂੰ ਪਹਿਲਾਂ ਐਲਾਨੀ ਤਰੀਕ ‘ਤੇ ਆਪਣੇ ਵਤਨ ਪਰਤ ਜਾਣਾ ਚਾਹੀਦਾ ਹੈ। ਨਹੀਂ ਤਾਂ ਇਹ ਸਿੱਧੇ ਤੌਰ ‘ਤੇ ਉਲੰਘਣਾ ਹੋਵੇਗੀ। ਤਰਜਮਾਨ ਨੇ ਕਿਹਾ ਕਿ ਫ਼ੌਜਾਂ ਦੀ ਅਗਵਾਈ ਕਰ ਰਹੇ ਮੁਲਕਾਂ ਨੂੰ ਇਹ ਫ਼ੈਸਲਾ ਮੰਨਣਾ ਪਵੇਗਾ। ਉਂਜ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਫ਼ੌਜਾਂ ਦੀ ਵਾਪਸੀ ਹੋਣ ਮਗਰੋਂ ਕੀ ਕੌਮਾਂਤਰੀ ਉਡਾਣਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਕਿਉਂਕਿ ਹਵਾਈ ਅੱਡੇ ‘ਤੇ ਅਮਰੀਕਾ ਸਮੇਤ ਨਾਟੋ ਮੁਲਕਾਂ ਦੀਆਂ ਫ਼ੌਜਾਂ ਡਟੀਆਂ ਹੋਈਆਂ ਹਨ।