ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ਵਿਚਾਲੇ ਰਵਾਇਤੀ ਸੰਘਰਸ਼ ਦਾ ਨਤੀਜਾ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਰੂਪ ਵਿੱਚ ਨਿਕਲਣ ਦੇ ਖਦਸ਼ੇ ਪ੍ਰਗਟ ਕਰਦਿਆਂ ਅਮਰੀਕਾ ਨੇ ਸ਼ਾਂਤੀ ਨੂੰ ਉਤਸ਼ਾਹਤ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਨਿਰੰਤਰ ਵਾਰਤਾ ਪ੍ਰਕਿਰਿਆ ਤੇ ਵੱਧ ਤੋਂ ਵੱਧ ਸੰਜਮ ਵਰਤਣ ਦਾ ਸੱਦਾ ਦਿੱਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ,’ਅਸੀਂ ਦੱਖਣ ਏਸ਼ੀਆ ਵਿੱਚ ਪਰਮਾਣੂ ਅਤੇ ਮਿਜ਼ਾਈਲ ਵਿਕਾਸ ਬਾਰੇ ਚਿੰਤਤ ਹਾਂ।’ ਉਨ੍ਹਾਂ ਇਹ ਗੱਲ ਉਦੋਂ ਕਹੀ ਜਦੋਂ ਉਨ੍ਹਾਂ ਤੋਂ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਨੀ ਕਹੇ ਜਾਣ ਵਾਲੇ ਡਾ. ਅਬਦੁਲ ਕਦੀਰ ਖਾਨ ਦੇ ਉਸ ਬਿਆਨ ਬਾਰੇ ਪੁੱਛਿਆ ਗਿਆ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਸਲਾਮਾਬਾਦ ਕੋਲ ਪੰਜ ਮਿੰਟ ਦੇ ਅੰਦਰ ਨਵੀਂ ਦਿੱਲੀ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹੈ। ਬੁਲਾਰੇ ਨੇ ਕਿਹਾ, ‘ਅਸੀਂ ਵਧਦੀਆਂ ਸੁਰੱਖਿਆ ਚੁਣੌਤੀਆਂ ਅਤੇ ਇਸ ਵਧਦੇ ਖਤਰੇ ਬਾਰੇ ਚਿੰਤਤ ਹਾਂ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਰਵਾਇਤੀ ਸੰਘਰਸ਼ ਦਾ ਨਤੀਜਾ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਰੂਪ ਵਿੱਚ ਨਿਕਲ ਸਕਦਾ ਹੈ। ਦੋਹਾਂ ਗੁਆਂਢੀਆਂ ਵਿਚਾਲੇ ਨਿਰੰਤਰ ਤੇ ਸੰਜਮ ਵਾਰਤਾ ਪ੍ਰਕਿਰਿਆ ਦਾ ਜਾਰੀ ਰਹਿਣਾ ਅਹਿਮ ਹੈ ਤਾਂ ਜੋ ਖੇਤਰ ਦੀਆਂ ਸਾਰੀਆਂ ਧਿਰਾਂ ਤਣਾਅ ਘੱਟ ਕਰਨ ਲਈ ਮਿਲ ਕੇ ਕੰਮ ਕਰਨ।’ ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਬਾਰੇ ਆਸ਼ਾਵਾਦੀ ਹਨ।
ਭਾਰਤ ‘ਤੇ ਲਾਇਆ ਗੱਲਬਾਤ ਤੋਂ ਪਿੱਛੇ ਹਟਣ ਦਾ ਦੋਸ਼
ਇਸਲਾਮਾਬਾਦ: ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੂਸੈਨ ਨੇ ਭਾਰਤ ‘ਤੇ ਦੋਸ਼ ਲਾਇਆ ਹੈ ਕਿ ਪਠਾਨਕੋਟ ਅੱਤਵਾਦੀ ਹਮਲੇ ਦੀ ਸਾਂਝੀ ਜਾਂਚ ਲਈ ਪਾਕਿਸਤਾਨ ਵੱਲੋਂ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਭਾਰਤ ਗੱਲਬਾਤ ਤੋਂ ਪਿੱਛੇ ਹਟ ਰਿਹਾ ਹੈ। ਉਨ੍ਹਾਂ ਨਾਲ ਹੀ ਕਸ਼ਮੀਰ ਮੁੱਦੇ ਨੂੰ ਚੁੱਕਦਿਆਂ ਇਸ ਨੂੰ ਵੰਡ ਦਾ ਅਧੂਰਾ ਏਜੰਡਾ ਤੇ ਖੇਤਰੀ ਤਣਾਅ ਦਾ ਮੁੱਖ ਕਾਰਨ ਕਰਾਰ ਦਿੱਤਾ। ਵਰਤਮਾਨ ਸੰਸਦ ਦੇ ਚੌਥੇ ਸਾਲ ਦੀ ਸ਼ੁਰੂਆਤ ਵਿੱਚ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਬੰਦ ਹੋਣ ਤੋਂ ਪਾਕਿਸਤਾਨ ਚਿੰਤਤ ਹੈ।