ਚੀਫ ਜਸਟਿਸ ਤੇ ਹੋਰਾਂ ਦੀ ਹਾਜ਼ਰੀ ਵਿਚ ਚੁੱਕੀ ਸਹੁੰ
ਇਸਲਾਮਾਬਾਦ/ਬਿਊਰੋ ਨਿਊਜ਼ : ਜਸਟਿਸ ਆਇਸ਼ਾ ਮਲਿਕ ਨੇ ਪਾਕਿਸਤਾਨ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਵਜੋਂ ਸਹੁੰ ਚੁੱਕ ਲਈ। ਪਾਕਿਸਤਾਨ ਵਰਗੇ ਮੁਸਲਿਮ ਬਹੁਗਿਣਤੀ ਤੇ ਤੰਗ ਪਹੁੰਚ ਵਾਲੇ ਮੁਲਕ ਦੇ ਇਤਿਹਾਸ ਵਿਚ ਇਹ ਇਕ ਯਾਦਗਾਰੀ ਘਟਨਾ ਹੋ ਨਿੱਬੜੀ ਹੈ। ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ 55 ਸਾਲਾ ਮਲਿਕ ਨੂੰ ਸੁਪਰੀਮ ਕੋਰਟ ‘ਚ ਹੋਏ ਸਮਾਰੋਹ ਵਿਚ ਸਹੁੰ ਚੁਕਾਈ। ਇਸ ਮੌਕੇ ਸਿਖ਼ਰਲੀ ਅਦਾਲਤ ਦੇ ਕਈ ਜੱਜ ਹਾਜ਼ਰ ਸਨ। ਇਸ ਤੋਂ ਇਲਾਵਾ ਵਕੀਲ, ਅਟਾਰਨੀ ਜਨਰਲ, ਕਾਨੂੰਨ ਤੇ ਨਿਆਂ ਕਮਿਸ਼ਨਾਂ ਦੇ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਚੀਫ ਜਸਟਿਸ ਅਹਿਮਦ ਨੇ ਕਿਹਾ ਕਿ ਜਸਟਿਸ ਮਲਿਕ ਸੁਪਰੀਮ ਕੋਰਟ ਦੀ ਜੱਜ ਬਣਨ ਲਈ ਪੂਰੀ ਸਮਰੱਥ ਸੀ ਤੇ ਉਹ ਆਪਣੇ ਦਮ ਉਤੇ ਇਸ ਅਹੁਦੇ ਤੱਕ ਪਹੁੰਚੀ ਹੈ, ਕਿਸੇ ਹੋਰ ਨੂੰ ਇਸ ਦਾ ਸਿਹਰਾ ਨਹੀਂ ਦਿੱਤਾ ਜਾ ਸਕਦਾ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਜਸਟਿਸ ਆਇਸ਼ਾ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਇਹ ਪਾਕਿਸਤਾਨ ਵਿਚ ਮਹਿਲਾ ਸ਼ਕਤੀਕਰਨ ਦੀ ਤਾਕਤਵਰ ਤਸਵੀਰ ਹੈ।
ਜ਼ਿਕਰਯੋਗ ਹੈ ਕਿ ਜਸਟਿਸ ਮਲਿਕ ਨੂੰ ਜਦ ਚੁਣਿਆ ਗਿਆ ਸੀ ਤਾਂ ਕਈ ਸਵਾਲ ਵੀ ਉੱਠੇ ਸਨ ਕਿਉਂਕਿ ਲਾਹੌਰ ਹਾਈਕੋਰਟ ਦੇ ਜੱਜਾਂ ਦੀ ਸੀਨੀਆਰਤਾ ਸੂਚੀ ਵਿਚ ਉਹ ਚੌਥੇ ਨੰਬਰ ਉਤੇ ਸਨ। ਉਨ੍ਹਾਂ ਦੀ ਨਾਮਜ਼ਦਗੀ ਪਿਛਲੇ ਸਾਲ ਪਾਕਿਸਤਾਨ ਦੇ ਜੁਡੀਸ਼ੀਅਲ ਕਮਿਸ਼ਨ ਨੇ ਰੱਦ ਵੀ ਕਰ ਦਿੱਤੀ ਸੀ। ਪਰ ਇਸੇ ਮਹੀਨੇ ਕਮਿਸ਼ਨ ਨੇ ਚਾਰ ਦੇ ਮੁਕਾਬਲੇ ਪੰਜ ਵੋਟਾਂ ਦੇ ਮਾਮੂਲੀ ਫਰਕ ਨਾਲ ਉਨ੍ਹਾਂ ਦੀ ਨਾਮਜ਼ਦਗੀ ਮਨਜ਼ੂਰ ਕਰ ਲਈ ਸੀ। ਜਸਟਿਸ ਮਲਿਕ ਮਾਰਚ 2012 ਵਿਚ ਲਾਹੌਰ ਹਾਈਕੋਰਟ ਦੀ ਜੱਜ ਬਣੀ ਸੀ। ਹੁਣ ਉਹ ਆਪਣੀ ਸੇਵਾਮੁਕਤੀ ਜੂਨ, 2031 ਤੱਕ ਸੁਪਰੀਮ ਕੋਰਟ ਵਿਚ ਸੇਵਾਵਾਂ ਦੇਣਗੇ। ਭਵਿੱਖ ਵਿਚ ਉਹ ਸਭ ਤੋਂ ਸੀਨੀਅਰ ਜੱਜ ਵੀ ਬਣ ਸਕਦੇ ਹਨ ਤੇ ਜਨਵਰੀ 2030 ਤੱਕ ਪਾਕਿਸਤਾਨ ਦੀ ਚੀਫ਼ ਜਸਟਿਸ ਵੀ ਬਣ ਸਕਦੇ ਹਨ। ਪਾਕਿਸਤਾਨ ਵਿਚ ਚੀਫ ਜਸਟਿਸ ਬਣਨ ਵਾਲੀ ਵੀ ਉਹ ਪਹਿਲੀ ਮਹਿਲਾ ਹੋਣਗੇ। 1966 ਵਿਚ ਜਨਮੀ ਮਲਿਕ ਨੇ ਆਪਣੀ ਮੁੱਢਲੀ ਸਿੱਖਿਆ ਪੈਰਿਸ, ਨਿਊਯਾਰਕ ਤੇ ਕਰਾਚੀ ਦੇ ਸਕੂਲਾਂ ਤੋਂ ਹਾਸਲ ਕੀਤੀ ਹੈ। ਉਨ੍ਹਾਂ ਪਾਕਿਸਤਾਨ ਕਾਲਜ ਆਫ਼ ਲਾਅ ਤੋਂ ਐਲਐਲਬੀ, ਹਾਰਵਰਡ ਲਾਅ ਸਕੂਲ ਤੋਂ ਐਲਐਲਐਮ ਕੀਤੀ ਹੈ। ਜੂਨ 2021 ਵਿਚ ਉਨ੍ਹਾਂ ਇਕ ਮਿਸਾਲੀ ਫ਼ੈਸਲਾ ਸੁਣਾਇਆ ਸੀ ਜਿਸ ਵਿਚ ਉਨ੍ਹਾਂ ਜਿਨਸੀ ਹਮਲੇ ਦੇ ਪੀੜਤਾਂ ਦੇ ਕੁਆਰੇਪਨ ਦੇ ਟੈਸਟ ਨੂੰ ਗੈਰਕਾਨੂੰਨੀ ਤੇ ਪਾਕਿਸਤਾਨ ਦੇ ਸੰਵਿਧਾਨ ਦੇ ਖਿਲਾਫ ਕਰਾਰ ਦਿੱਤਾ ਸੀ।