Breaking News
Home / ਦੁਨੀਆ / ਅਫ਼ਗਾਨਿਸਤਾਨ ਬਣਿਆ ਕਬਰਿਸਤਾਨ

ਅਫ਼ਗਾਨਿਸਤਾਨ ਬਣਿਆ ਕਬਰਿਸਤਾਨ

5ਕਾਬੁਲ ਵਿਚ ਫਿਦਾਈਨ ਹਮਲੇ ‘ਚ 80 ਹਲਾਕ, ਹਜ਼ਾਰਾ ਭਾਈਚਾਰੇ ਦੇ ਰੋਸ ਪ੍ਰਦਰਸ਼ਨ ਨੂੰ ਬਣਾਇਆ ਨਿਸ਼ਾਨਾ
ਕਾਬੁਲ/ਬਿਊਰੋ ਨਿਊਜ਼
ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ਨੀਵਾਰ ਨੂੰ ਰੋਸ ਮੁਜ਼ਾਹਰਾ ਕਰ ਰਹੇ ਸ਼ੀਆ ਹਜ਼ਾਰਾ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟ ਤੋਂ ਘੱਟ 80 ਵਿਅਕਤੀ ਮਾਰੇ ਗਏ ਅਤੇ 231 ਫੱਟੜ ਹੋਏ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਜਨ ਸਿਹਤ ਮੰਤਰਾਲੇ ਲਈ ਕੌਮਾਂਤਰੀ ਸਬੰਧਾਂ ਦੇ ਮੁਖੀ ਵਾਹਿਦ ਮਜਰੂਹ ਨੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਕਾਫ਼ੀ ਗੰਭੀਰ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਗੌਰਤਲਬ ਹੈ ਕਿ ਅਫ਼ਗਾਨਿਸਤਾਨ ਦੇ ਸਹੂਲਤਾਂ ਤੋਂ ਵਾਂਝੇ ਇਲਾਕਿਆਂ ਵਿੱਚੋਂ ਇਕ ਸੂਬਾ ਬਾਮਿਆਨ, ਜਿਥੇ ਹਜ਼ਾਰਾ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਵਿੱਚੋਂ ਬਹੁ-ਕਰੋੜੀ ਬਿਜਲੀ ਲਾਈਨ ਲੰਘਾਉਣ ਦੀ ਮੰਗ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇਕੱਤਰ ਹੋਏ ਸਨ। ਇਸ ਮੁਲਕ ਵਿੱਚ ਸੈਂਕੜੇ ਜਾਨਾਂ ਅੱਤਵਾਦ ਦੀ ਭੇਟ ਚੜ੍ਹ ਗਈਆਂ ਹਨ ਅਤੇ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਤਰਜਮਾਨ ਹਾਰੂਨ ਚੈਖਨਸੁਰੀ ਨੇ ਦੱਸਿਆ ਕਿ ਸਰਕਾਰ ਨੂੰ ਸੂਹੀਆਤੰਤਰ ਤੋਂ ਜਾਣਕਾਰੀ ਮਿਲੀ ਸੀ ਕਿ ਹਮਲਾ ਹੋ ਸਕਦਾ ਹੈ ਅਤੇ ਰੋਸ ਮਾਰਚ ਦੇ ਆਗੂਆਂ ਨੂੰ ਇਸ ਬਾਰੇ ਚਿਤਾਵਨੀ ਦਿੱਤੀ ਗਈ ਸੀ।  ਉਨ੍ਹਾਂ ਕਿਹਾ ਕਿ ਦੋ ਫਿਦਾਈਨ ਹਮਲਾਵਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ, ਜੋ ਡੈਮਜ਼ਾਂਗ ਚੌਕ ਵਿੱਚ ਇਕੱਤਰ ਹੋ ਰਹੇ ਸਨ। ਹਾਰੂਨ ਨੇ ਦੱਸਿਆ, ‘ਇਕ ਫਿਦਾਈਨ ਨੂੰ ਪੁਲਿਸ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਇਸ ਚੌਕ ਵਿੱਚ ਤਿੰਨ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਤਾਇਨਾਤ ਸਨ, ਜੋ ਇਸ ਹਮਲੇ ਵਿੱਚ ਜ਼ਖ਼ਮੀ ਹੋਏ ਹਨ ਜਦੋਂ ਕਿ ਤਿੰਨ ਹੋਰ ਸੁਰੱਖਿਆ ਕਰਮੀ ਹਲਾਕ ਹੋ ਗਏ ਹਨ। ਰੋਸ ਮਾਰਚ ਦੇ ਆਗੂਆਂ ਵਿੱਚੋਂ ਇਕ ਲੈਲਾ ਮੁਹੰਮਦੀ ਨੇ ਦੱਸਿਆ ਕਿ ਧਮਾਕੇ ਦੇ ਤੁਰੰਤ ਬਾਅਦ ਉਹ ਘਟਨਾ ਸਥਾਨ ਤਾਂ ਪਹੁੰਚੀ ਤਾਂ ਲਾਸ਼ਾਂ ਅਤੇ ਜ਼ਖ਼ਮੀ ਹੀ ਨਜ਼ਰ ਆ ਰਹੇ ਸਨ। ਟੀਵੀ ‘ਤੇ ਬੰਬ ਧਮਾਕੇ ਵਾਲੇ ਸਥਾਨ ਦੀਆਂ ਦਿਖਾਈਆਂ ਫੁਟੇਜ ਵਿੱਚ ਸੜੀਆਂ ਲਾਸ਼ਾਂ ਤੇ ਮਨੁੱਖੀ ਅੰਗ ਖਿੰਡੇ ਨਜ਼ਰ ਆ ਰਹੇ ਸਨ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …