ਬੀਐਸਐਫ ਅਤੇ ਪਾਕਿ ਰੇਂਜਰਜ਼ ਵਲੋਂ ਮਠਿਆਈਆਂ ਦਾ ਆਦਾਨ-ਪ੍ਰਦਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸ਼ੁਭ ਦਿਹਾੜੇ ਮੌਕੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਮਠਿਆਈਆਂ ਦੇ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਅੱਜ ਅਟਾਰੀ ਵਾਹਗਾ ਸਰਹੱਦ ‘ਤੇ ਹਲਕਾ-ਹਲਕਾ ਮੀਂਹ ਪੈ ਰਿਹਾ ਸੀ ਅਤੇ ਇਸ ਸੁਹਾਵਣੇ ਮੌਸਮ ਵਿਚ ਦੋਹਾਂ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੇ ਅਧਿਕਾਰੀਆਂ ਨੇ ਨਿਰਧਾਰਤ ਸਮੇਂ ਅਨੁਸਾਰ ਛਤਰੀਆਂ ਦੀ ਛਾਂ ਥੱਲੇ ਮਠਿਆਈਆਂ ਦਾ ਆਦਾਨ ਪ੍ਰਦਾਨ ਕੀਤਾ। ਇਸ ਮੌਕੇ ਅਟਾਰੀ ਸਰਹੱਦ ‘ਤੇ ਤਾਇਨਾਤ ਬੀ.ਐਸ.ਐਫ. ਦੀ 144 ਬਟਾਲੀਅਨ ਦੇ ਕਮਾਂਡੈਂਟ ਜਸਬੀਰ ਸਿੰਘ ਨੇ ਪਾਕਿਸਤਾਨ ਦੀ ਵਾਹਗਾ ਸਰਹੱਦ ‘ਤੇ ਤਾਇਨਾਤ ਪਾਕਿ ਸਤਲੁਜ ਰੇਂਜਰਜ਼ ਦੇ ਲੈਫਟੀਨੈਂਟ ਕਰਨਲ ਮੁਹੰਮਦ ਅਮੀਰ ਨੂੰ 7 ਡੱਬੇ ਮਠਿਆਈ ਦੇ ਭੇਟ ਕੀਤੇ ਜਦਕਿ ਪਾਕਿ ਰੇਂਜਰਜ਼ ਲੈਫਟੀਨੈਂਟ ਕਰਨਲ ਮੁਹੰਮਦ ਅਮੀਰ ਨੇ ਵੀ ਬੀ.ਐਸ.ਐਫ. ਦੇ ਅਧਿਕਾਰੀਆਂ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ 6 ਡੱਬੇ ਮਠਿਆਈ ਦੇ ਭੇਂਟ ਕੀਤੇ।
ਪਾਕਿ ਦੇ ਆਜ਼ਾਦੀ ਦਿਹਾੜੇ ਮੌਕੇ ਬੀਐੱਸਐੱਫ ਤੇ ਪਾਕਿਸਤਾਨੀ ਰੇਂਜਰਜ਼ ਨੇ ਮਨਾਈ ਖੁਸ਼ੀ
ਦੋਵੇਂ ਦੇਸ਼ਾਂ ਦੇ ਸੁਰੱਖਿਆ ਬਲਾਂ ਨੇ ਵੰਡੀ ਇੱਕ ਦੂਜੇ ਨੂੰ ਮਿਠਾਈ
ਅਟਾਰੀ/ਬਿਊਰੋ ਨਿਊਜ਼ : ਪਾਕਿਸਤਾਨ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ‘ਤੇ ਪਾਕਿਸਤਾਨ ਰੇਂਜਰ ਤੇ ਸੀਮਾ ਸੁਰੱਖਿਆ ਬਲ ਵਿਚਕਾਰ ਮਿਠਾਈ ਦਾ ਆਦਾਨ-ਪ੍ਰਦਾਨ ਹੋਇਆ।
ਪਾਕਿਸਤਾਨ ਰੇਂਜਰ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਅਹਿਮਦ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਕਮਾਂਡੈਂਟ ਜਸਬੀਰ ਸਿੰਘ ਨੂੰ ਮਠਿਆਈ ਦੇ ਡੱਬੇ ਭੇਟ ਕਰਕੇ ਆਜ਼ਾਦੀ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਗੌਰਤਲਬ ਹੈ ਕਿ ਕੌਮਾਂਤਰੀ ਸਰਹੱਦ ਅਟਾਰੀ-ਵਾਹਗਾ ਸਥਿਤ ਸਾਂਝੀ ਜਾਂਚ ਚੌਕੀ ‘ਤੇ ਤਾਇਨਾਤ ਭਾਰਤ-ਪਾਕਿਸਤਾਨ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਸੀਮਾ ਸੁਰੱਖਿਆ ਬਲ ਤੇ ਪਾਕਿਸਤਾਨ ਰੇਂਜਰਜ਼ ਵਿਚਾਲੇ ਆਜ਼ਾਦੀ ਦਿਹਾੜੇ, ਦਿਵਾਲੀ, ਈਦ-ਉਲ-ਫਿਤਰ ਅਤੇ ਤਿਉਹਾਰਾਂ ਮੌਕੇ ਇੱਕ-ਦੂਜੇ ਨੂੰ ਮਿਠਾਈ ਭੇਟ ਕੀਤੀ ਜਾਂਦੀ ਹੈ।