Breaking News
Home / ਦੁਨੀਆ / ਚਾਰਲਸ ਦੀ ਬਰਤਾਨੀਆ ਦੇ ਮਹਾਰਾਜਾ ਵਜੋਂ ਤਾਜਪੋਸ਼ੀ

ਚਾਰਲਸ ਦੀ ਬਰਤਾਨੀਆ ਦੇ ਮਹਾਰਾਜਾ ਵਜੋਂ ਤਾਜਪੋਸ਼ੀ

ਉਪ ਰਾਸ਼ਟਰਪਤੀ ਧਨਖੜ ਨੇ ਭਾਰਤ ਦੇ ਪ੍ਰਤੀਨਿਧੀ ਵਜੋਂ ਵੈਸਟਮਿੰਸਟਰ ਐਬੇ ਦੇ ਸਮਾਰੋਹ ‘ਚ ਕੀਤੀ ਸ਼ਿਰਕਤ
ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਤਾਜਪੋਸ਼ੀ ਦੀਆਂ ਰਸਮਾਂ ਵਿਚ ਲਿਆ ਹਿੱਸਾ
ਲੰਡਨ/ਬਿਊਰੋ ਨਿਊਜ਼ : ‘ਕਿੰਗ’ ਚਾਰਲਸ (ਤੀਜੇ) ਦੀ ਅਧਿਕਾਰਤ ਤੌਰ ‘ਤੇ ਬਰਤਾਨੀਆ (ਯੂਕੇ) ਦੇ ਮਹਾਰਾਜਾ ਵਜੋਂ ਤਾਜਪੋਸ਼ੀ ਕਰ ਦਿੱਤੀ ਗਈ। ਲੰਡਨ ਦੇ ਵੈਸਟਮਿੰਸਟਰ ਐਬੇ ਵਿਚ ਹੋਏ ਇਕ ਸ਼ਾਨਦਾਰ ਸਮਾਗਮ ਦੌਰਾਨ ਸ਼ਾਹੀ ਤਾਜ ਮਹਾਰਾਜਾ ਚਾਰਲਸ ਦੇ ਸਿਰ ‘ਤੇ ਸਜਾਇਆ ਗਿਆ। ਇਸ ਮੌਕੇ 70 ਸਾਲ ਪਹਿਲਾਂ ਉਨ੍ਹਾਂ ਦੀ ਮਾਂ ਮਹਾਰਾਣੀ ਐਲਿਜ਼ਾਬੈੱਥ ਦੀ ਹੋਈ ਤਾਜਪੋਸ਼ੀ ਦੀਆਂ ਯਾਦਾਂ ਤਾਜ਼ਾ ਹੋ ਗਈਆਂ।
ਕਰੀਬ ਹਜ਼ਾਰ ਸਾਲ ਪੁਰਾਣੀ ਧਾਰਮਿਕ ਰਸਮ ਮੌਕੇ ‘ਆਰਚਬਿਸ਼ਪ ਆਫ ਕੈਂਟਰਬਰੀ’ ਨੇ ਚਾਰਲਸ ਨੂੰ ਸਹੁੰ ਚੁਕਾਈ। ਇਸ ਮੌਕੇ ਬਰਤਾਨੀਆ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਵੀ ਇਕ ‘ਰੀਡਿੰਗ’ ਕੀਤੀ ਗਈ। ਭਾਰਤ ਵੱਲੋਂ ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਉਨ੍ਹਾਂ ਦੀ ਪਤਨੀ ਡਾ. ਸੁਦੇਸ਼ ਧਨਖੜ ਹਾਜ਼ਰ ਸਨ। ਉਹ ਰਾਸ਼ਟਰਮੰਡਲ ਦੇਸ਼ਾਂ ਦੇ ਕਈ ਹੋਰ ਪ੍ਰਤੀਨਿਧੀਆਂ ਦੇ ਨਾਲ ਬੈਠੇ।
ਰਾਣੀ ਕੈਮਿਲਾ ਨੇ ਇਸ ਮੌਕੇ ਰਾਣੀ ਮੈਰੀ ਦਾ 1911 ਵਿਚ ਡਿਜ਼ਾਈਨ ਕੀਤਾ ਹੀਰਿਆਂ ਜੜਿਆਂ ਤਾਜ ਪਹਿਨਿਆ।
ਇਸ ਮੌਕੇ ਭਾਰਤੀ ਮੂਲ ਦੇ ਹਾਜ਼ਰ ਲੋਕਾਂ ਵਿਚ ‘ਬੀਈਐਮ’ ਨਾਲ ਸਨਮਾਨਿਤ ਬੰਸਰੀ ਰੂਪਾਰੇਲੀਆ, ਮੰਜੂ ਮੱਲ੍ਹੀ, ਜੈ ਪਟੇਲ ਤੇ ਹੋਰ ਹਾਜ਼ਰ ਸਨ। ਤਾਜਪੋਸ਼ੀ ਦੀ ਇਸ ਪਵਿੱਤਰ ਰਸਮ ਮੌਕੇ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਦਾ ਪ੍ਰਤੀਕਾਤਮਕ ਤੌਰ ‘ਤੇ ਮੁੜ ਵਿਆਹ ਕੀਤਾ ਗਿਆ, ਤੇ ਦੋਵਾਂ ਨੂੰ ਇਕੱਠਿਆਂ ਪ੍ਰਮਾਤਮਾ ਅੱਗੇ ਸੇਵਾ ਵਿਚ ਰਹਿਣ ਦੀ ਸਹੁੰ ਚੁਕਾਈ ਗਈ।
ਜ਼ਿਕਰਯੋਗ ਹੈ ਕਿ ਵਿਲੀਅਮ ‘ਦਿ ਕੌਨਕੁਐਰਰ’ ਦੀ ਸੰਨ 1066 ਵਿਚ ਤਾਜਪੋਸ਼ੀ ਤੋਂ ਲੈ ਕੇ ਹੁਣ ਤੱਕ ਵੈਸਟਮਿੰਸਟਰ ਐਬੇ ਵਿਚ ਹੀ ਹਰ ਅਗਲੇ ਮਹਾਰਾਜਾ-ਮਹਾਰਾਣੀ ਦੀ ਤਾਪਜੋਸ਼ੀ ਹੁੰਦੀ ਰਹੀ ਹੈ।

 

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁੰਦਰ ਪਿਚਾਈ ਸਣੇ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨਾਲ ਮੁਲਾਕਾਤ ਕੀਤੀ

ਮੋਦੀ ਨੇ ਭਾਰਤ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਦਿੱਤਾ ਜ਼ੋਰ ਨਿਊਯਾਰਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ …