ਐਬਟਸਫੋਰਡ/ਬਿਊਰੋ ਨਿਊਜ਼ : ਕੈਨੇਡਾ ਦੇ ਡਾਕ ਵਿਭਾਗ ਨੇ ਇੰਗਲੈਂਡ ਦੇ ਨਵੇਂ ਬਣੇ ਸ਼ਾਸਕ ਮਹਾਰਾਜਾ ਚਾਰਲਸ ਤੀਜੇ ਦੀ ਤਸਵੀਰ ਵਾਲੀ ਡਾਕ ਟਿਕਟ ਜਾਰੀ ਕੀਤੀ ਹੈ। ਇਹ ਡਾਕ ਟਿਕਟ ਉੱਘੇ ਫੋਟੋਗ੍ਰਾਫ਼ਰ ਐਲਨ ਸਾਹਕਰਾਸ ਵਲੋਂ ਡਿਜ਼ਾਇਨ ਕੀਤੀ ਗਈ ਹੈ। ਇਹ ਵੀ ਪਤਾ ਚੱਲਿਆ ਹੈ ਕਿ ਕੈਨੇਡਾ ਸਰਕਾਰ ਮਹਾਰਾਜਾ ਚਾਰਲਸ ਤੀਜੇ ਦੀ ਤਸਵੀਰ ਵਾਲਾ 20 ਡਾਲਰ ਦਾ ਸਿੱਕਾ ਜਾਰੀ ਕਰਨ ਵਾਸਤੇ ਵਿਚਾਰ ਕਰ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਸੋਫੀਆ ਸਮੇਤ ਮਹਾਰਾਜਾ ਚਾਰਲਸ ਦੀ ਤਾਜਪੋਸ਼ੀ ਸਮੇਂ ਹਾਜ਼ਰ ਸਨ। ਜਦਕਿ ਕੰਸਰਵੇਟਿਵ ਆਗੂ ਪੀਅਰ ਪੌਲੀਵਰ ਅਤੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਸਮਾਗਮ ਤੋਂ ਗ਼ੈਰ-ਹਾਜ਼ਰ ਰਹੇ। ਵਰਨਣਯੋਗ ਹੈ ਕਿ ਕੈਨੇਡਾ ਦੇ ਡਾਕ ਵਿਭਾਗ ਨੇ ਸਭ ਤੋਂ ਪਹਿਲਾਂ 14 ਜੂਨ, 1851 ਨੂੰ ਮਹਾਰਾਣੀ ਵਿਕਟੋਰੀਆ ਪਹਿਲੀ ਦੀ ਤਸਵੀਰ ਵਾਲੀ 12 ਪੈਂਸ ਦੀ ਡਾਕ ਟਿਕਟ ਜਾਰੀ ਕੀਤੀ ਸੀ। ਫਿਰ ਜੁਲਾਈ 1903 ਵਿਚ ਮਹਾਰਾਣੀ ਵਿਕਟੋਰੀਆ ਦੇ ਪੁੱਤਰ ਮਹਾਰਾਜਾ ਐਡਵਰਡ ਤੇ 1923 ‘ਚ ਮਹਾਰਾਜਾ ਜਾਰਜ ਪੰਜਵੇਂ ਦੀ ਡਾਕ ਟਿਕਟ ਜਾਰੀ ਕੀਤੀ ਅਤੇ 1 ਮਈ, 1953 ਨੂੰ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੀ ਡਾਕ ਟਿਕਟ ਜਾਰੀ ਕੀਤੀ।

