ਪੱਛਮੀ ਟੈਕਸਸ ਵਿੱਚ ਵੈਨ ਨੂੰ ਟੱਕਰ ਮਾਰਨ ਵਾਲੇ ਪਿੱਕਅੱਪ ਟਰੱਕ ਨੂੰ 13 ਸਾਲਾ ਬੱਚਾ ਚਲਾ ਰਿਹਾ ਸੀ।ਇਸ ਹਾਦਸੇ ਵਿੱਚ ਨੌਂ ਲੋਕਾਂ ਦੀ ਜਾਨ ਚਲੀ ਗਈ,ਜਿਨ੍ਹਾਂ ਵਿੱਚ ਕਾਲਜ ਗੌਲਫ ਟੀਮ ਦੇ ਛੇ ਮੈਂਬਰ ਤੇ ਉਨ੍ਹਾਂ ਦਾ ਕੋਚ ਸ਼ਾਮਲ ਸਨ।ਇਹ ਖੁਲਾਸਾ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਧਿਕਾਰੀਆਂ ਨੇ ਕੀਤਾ।
ਐਨਟੀਐਸਬੀ ਦੇ ਵਾਈਸ ਚੇਅਰਮੈਨ ਬਰੂਸ ਲੈਂਡਜ਼ਬਰਗ ਨੇ ਆਖਿਆ ਕਿ ਪਿੱਕਅੱਪ ਟਰੱਕ ਨੂੰ ਚਲਾ ਰਿਹਾ ਬੱਚਾ ਤੇ ਉਸ ਦੇ ਨਾਲ ਬੈਠਾ ਵਿਅਕਤੀ ਵੀ ਇਸ ਹਾਦਸੇ ਵਿੱਚ ਮਾਰੇ ਗਏ। ਟਰੱਕ ਦਾ ਮੂਹਰਲਾ ਟਾਇਰ ਵੀ ਹਾਦਸੇ ਕਾਰਨ ਫਟ ਗਿਆ।ਉਨ੍ਹਾਂ ਆਖਿਆ ਕਿ ਇਹ ਵੀ ਸਪਸ਼ਟ ਨਹੀਂ ਹੈ ਕਿ ਦੋਵੇਂ ਗੱਡੀਆਂ ਕਿੰਨੀ ਤੇਜ਼ੀ ਨਾਲ ਜਾ ਰਹੀਆਂ ਸਨ ਜਦੋਂ ਉਨ੍ਹਾਂ ਦੀ ਟੱਕਰ ਹੋਈ। ਟੈਕਸਸ ਵਿੱਚ ਲਰਨਰ ਲਾਇਸੰਸ ਲੈਣ ਲਈ 14 ਸਾਲਾਂ ਦਾ ਹੋਣਾ ਜ਼ਰੂਰੀ ਹੈ।
15 ਸਾਲ ਦੀ ਉਮਰ ਵਿੱਚ ਬੱਚੇ ਨੂੰ ਆਰਜ਼ੀ ਲਾਇਸੰਸ ਮਿਲਦਾ ਹੈ ਤੇ ਉਹ ਇੰਸਟ੍ਰਕਟਰ ਜਾਂ ਗੱਡੀ ਵਿੱਚ ਸਵਾਰ ਲਾਇਸੰਸਸ਼ੁਦਾ ਬਾਲਗ ਨਾਲ ਗੱਡੀ ਚਲਾ ਸਕਦਾ ਹੈ।ਡਿਪਾਰਟਮੈਂਟ ਆਫ ਪਬਲਿਕ ਸੇਫਟੀ ਸਾਰਜੈਂਟ ਵਿਕਟਰ ਟੇਲਰ ਨੇ ਆਖਿਆ ਕਿ 13 ਸਾਲ ਦੀ ਉਮਰ ਵਿੱਚ ਗੱਡੀ ਚਲਾ ਕੇ ਇਸ ਬੱਚੇ ਵੱਲੋਂ ਕਾਨੂੰਨ ਵੀ ਤੋੜਿਆ ਗਿਆ।