ਭਾਰਤ ਸਰਕਾਰ ਨੇ ਮਾਰਚ 2020 ਤੋਂ ਪਹਿਲਾਂ ਜਾਰੀ ਕੀਤੇ ਗਏ ਜਾਇਜ਼ ਟੂਰਿਸਟ ਵੀਜ਼ਾ ਉੱਤੇ ਲੱਗੀਆਂ ਟਰੈਵਲ ਪਾਬੰਦੀਆਂ ਹਟਾ ਦਿੱਤੀਆਂ ਹਨ।ਸਰਕਾਰ ਨੇ ਇਹ ਵੀ ਆਖਿਆ ਹੈ ਕਿ 10 ਸਾਲਾਂ ਦਾ ਟੂਰਿਸਟ ਵੀਜ਼ਾ ਫੌਰਨ ਬਹਾਲ ਹੋਵੇਗਾ। ਕੈਨੇਡੀਅਨ ਨਾਗਰਿਕ, 10 ਸਾਲਾਂ ਦੇ ਟੂਰਿਸਟ ਵੀਜ਼ਾ- ਇਲੈਕਟ੍ਰੌਨਿਕ ਟਰੈਵਲ ਆਥਰਾਈਜ਼ੇਸ਼ਨ ਜਾਂ ਈ ਵੀਜ਼ਾ, ਲਈ ਨਹੀਂ ਸਗੋਂ ਤਾਜ਼ਾ ਰੈਗੂਲਰ ਟੂਰਿਸਟ ਵੀਜ਼ਾ ਹਾਸਲ ਕਰਨ ਦੇ ਯੋਗ ਹੋਣਗੇ। ਮਾਰਚ 2020 ਤੋਂ ਪਹਿਲਾਂ ਜਾਰੀ ਕੀਤੇ ਗਏ ਇਸ ਤਰ੍ਹਾਂ ਦੇ ਵੀਜ਼ਾ ਸਸਪੈਂਡ ਹੀ ਰਹਿਣਗੇ।
ਦਸ ਦਈਏ ਕਿ, ਕੈਨੇਡੀਅਨ ਨਾਗਰਿਕਾਂ ਨੂੰ ਤਾਜ਼ਾ ਈ-ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਨਾਲੇ ਟੂਰਿਸਟ ਵੀਜ਼ਾ ਉੱਤੇ ਵਿਦੇਸ਼ੀ ਨਾਗਰਿਕਾਂ ਨੂੰ ਨਿਰਧਾਰਤ ਸੀਅ ਇਮੀਗੇ੍ਰਸ਼ਨ ਚੈੱਕ ਪੋਸਟਸ (ਆਈਸੀਪੀਜ਼) ਜਾਂ ਏਅਰਪੋਰਟ ਆਈਸੀਪੀਜ਼ ਰਾਹੀਂ ਹੀ ਭਾਰਤ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ।ਇਨ੍ਹਾਂ ਵਿੱਚ ਵੰਦੇ ਭਾਰਤ ਮਿਸ਼ਨ ਜਾਂ ਏਅਰ ਬਬਲ ਸਕੀਮ ਜਾਂ ਡੀਜੀਸੀਏ ਜਾਂ ਸਿਵਲ ਏਵੀਏਸ਼ਨ ਮੰਤਰਾਲੇ ਵੱਲੋਂ ਇਜਾਜ਼ਤ ਪ੍ਰਾਪਤ ਫਲਾਈਟਸ ਵੀ ਸ਼ਾਮਲ ਹੋਣਗੀਆਂ।
ਟੂਰਿਸਟ ਵੀਜ਼ਾ ਉੱਤੇ ਕੋਈ ਵੀ ਵਿਦੇਸ਼ੀ ਨਾਗਰਿਕ ਜ਼ਮੀਨੀ ਸਰਹੱਦ ਜਾਂ ਪਾਣੀ ਦੇ ਰੂਟ ਰਾਹੀਂ ਭਾਰਤ ਦਾਖਲ ਨਹੀਂ ਹੋ ਸਕਦਾ। ਵੀਜ਼ਾ ਐਪਲੀਕੇਸ਼ਨ ਆਨਲਾਈਨ ਵੀ ਭਰੀ ਜਾ ਸਕਦੀ ਹੈ ਤੇ ਚੰਗੀ ਤਰ੍ਹਾਂ ਭਰੇ ਫਾਰਮ ਲੋੜੀਂਦੇ ਦਸਤਾਵੇਜ਼ਾਂ ਨਾਲ ਫੀਸ ਸਮੇਤ ਨੇੜਲੇ ਬੀਐਲਐਸ ਸੈਂਟਰ ਜਮ੍ਹਾਂ ਕਰਵਾਏ ਜਾਣ| ਵੀਜ਼ਾ ਸਬੰਧੀ ਸਾਰੀ ਜਾਣਕਾਰੀ ਬੀਐਲਐਸ ਦੀ ਵੈੱਬਸਾਈਟ https://www.blsindia-canada.com.ਉੱਤੇ ਹਾਸਲ ਕੀਤੀ ਜਾ ਸਕਦੀ ਹੈ। ਭਾਰਤੀ ਮੂਲ ਦੇ ਵਿਅਕਤੀ ਲਈ ਐਂਟਰੀ ਵੀਜ਼ਾ ਵੀ ਉਪਲਬਧ ਰਹਿਣਗੇ ਪਰ ਵਾਧੂ ਦਸਤਾਵੇਜ਼ਾਂ ਕਾਰਨ ਤੇ ਵੈਰੀਫਿਕੇਸ਼ਨ ਵਰਗੀਆਂ ਲੋੜਾਂ ਕਾਰਨ ਅਜਿਹੇ ਵੀਜ਼ਾਜ਼ ਨੂੰ ਪ੍ਰੋਸੈੱਸ ਹੋਣ ਵਿੱਚ 45 ਦਿਨਾਂ ਤੋਂ ਵੱਧ ਦਾ ਸਮਾਂ ਲੱਗੇਗਾ। ਨਿਯਮਤ ਟੂਰਿਸਟ ਵੀਜ਼ਾ 30 ਦਿਨਾਂ ਵਿੱਚ ਪ੍ਰੋਸੈੱਸ ਹੋ ਜਾਣਗੇ।