Breaking News
Home / ਭਾਰਤ / ਸਿਆਸੀ ਤੜਕਾ : ‘ਚੌਕੀਦਾਰ ਚੋਰ ਹੈ’ ਕਾਂਗਰਸ ਦੇ ਇਸ ਨਾਅਰੇ ਨੂੰ ਨਰਿੰਦਰ ਮੋਦੀ ਨੇ ਬਣਾਇਆ ਆਪਣੀ ਤਾਕਤ

ਸਿਆਸੀ ਤੜਕਾ : ‘ਚੌਕੀਦਾਰ ਚੋਰ ਹੈ’ ਕਾਂਗਰਸ ਦੇ ਇਸ ਨਾਅਰੇ ਨੂੰ ਨਰਿੰਦਰ ਮੋਦੀ ਨੇ ਬਣਾਇਆ ਆਪਣੀ ਤਾਕਤ

ਕਿਹਾ – ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਉਹ ਇਕੱਲੇ ਨਹੀਂ
ਨਵੀਂ ਦਿੱਲੀ : ਕਾਂਗਰਸ ਵਲੋਂ ਲਗਾਤਾਰ ਹੋ ਰਹੇ ‘ਚੌਕੀਦਾਰ ਚੋਰ ਹੈ’ ਦੇ ਸਿਆਸੀ ਹਮਲੇ ਨੂੰ ਨਰਿੰਦਰ ਮੋਦੀ ਨੇ ਆਪਣੇ ਚੋਣ ਪ੍ਰਚਾਰ ਦੀ ਤਾਕਤ ਬਣਾਉਂਦਿਆਂ ਆਪਣੇ ਟਵਿੱਟਰ ਅਕਾਊਟ ਦਾ ਨਾਂ ‘ਨਰਿੰਦਰ ਮੋਦੀ ਚੌਕੀਦਾਰ’ ਰੱਖਿਆ। ਜਿਸ ਤੋਂ ਬਾਅਦ ਸਮੂਹ ਭਾਜਪਾਈ ਲੀਡਰਾਂ ਤੇ ਕੇਂਦਰੀ ਮੰਤਰੀਆਂ ਵਿਚ ਇਸ ਗੱਲ ਦੀ ਹੋੜ ਲੱਗ ਗਈ ਕਿ ਸਭ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟਾਂ ‘ਤੇ ਆਪਣੇ ਨਾਵਾਂ ਨਾਲ ‘ਚੌਕੀਦਾਰ’ ਜੋੜ ਲਿਆ।
ਨਰਿੰਦਰ ਮੋਦੀ ਨੇ ਆਪਣੇ ਹਮਾਇਤੀਆਂ ਨੂੰ ‘ਮੈਂ ਵੀ ਚੌਕੀਦਾਰ’ ਦਾ ਹਲਫ਼ ਲੈਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਸਮਾਜਕ ਕੁਰੀਤੀਆਂ ਖਿਲਾਫ਼ ਲੜਾਈ ਵਿਚ ਉਹ ਇਕੱਲੇ ਨਹੀਂ ਹਨ। ਮੋਦੀ ਨੇ ਟਵਿਟਰ ‘ਤੇ ਲਿਖਿਆ ”ਤੁਹਾਡਾ ਚੌਕੀਦਾਰ ਮਜ਼ਬੂਤੀ ਨਾਲ ਖੜ੍ਹਾ ਹੈ ਤੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਪਰ ਮੈਂ ਇਕੱਲਾ ਨਹੀਂ ਹਾਂ। ਭ੍ਰਿਸ਼ਟਾਚਰ, ਗੰਦਗੀ ਅਤੇ ਸਮਾਜਕ ਕੁਰੀਤੀਆਂ ਖਿਲਾਫ਼ ਲੜਨ ਵਾਲਾ ਹਰ ਕੋਈ ਚੌਕੀਦਾਰ ਹੈ। ਹਰ ਕੋਈ ਭਾਰਤ ਦੀ ਤਰੱਕੀ ਲਈ ਸਖ਼ਤ ਮਿਹਨਤ ਕਰਨ ਵਾਲਾ ਚੌਕੀਦਾਰ ਹੈ। ਹਰੇਕ ਭਾਰਤੀ ਕਹਿ ਰਿਹਾ ਹੈ ਕਿ ਮੈਂ ਵੀ ਚੌਕੀਦਾਰ।”
ਚੌਕੀਦਾਰ ਅਮੀਰਾਂ ਦੇ ਹੁੰਦੇ ਹਨ, ਕਿਸਾਨਾਂ ਦੇ ਨਹੀਂ : ਪ੍ਰਿਅੰਕਾ ਗਾਂਧੀ
ਨਵੀਂ ਦਿੱਲੀ : ਇਸੇ ਦੌਰਾਨ ਗੰਗਾ ਯਾਤਰਾ ਦੌਰਾਨ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸਿਰਸਾ ਪਹੁੰਚੀ। ਉਨ੍ਹਾਂ ਸਿਰਸਾ ਘਾਟ ਦੇ ਨੇੜੇ ਇਕ ਸਮਾਗਮ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਨਾਮ ਦੇ ਅੱਗੇ ਚੌਕੀਦਾਰ ਲਗਾਉਣ ਨੂੰ ਲੈ ਕੇ ਕਿਹਾ ਕਿ, ਇਹ ਉਨ੍ਹਾਂ ਦੀ ਮਰਜ਼ੀ ਹੈ ਕਿ ਉਹ ਆਪਣੇ ਨਾਮ ਅੱਗੇ ਜੋ ਮਰਜ਼ੀ ਲਗਾਉਣ। ਪ੍ਰਿਅੰਕਾ ਨੇ ਦੱਸਿਆ ਕਿ ਮੈਨੂੰ ਕਿਸਾਨ ਭਰਾ ਨੇ ਕਿਹਾ ਕਿ ਚੌਕੀਦਾਰ ਤਾਂ ਅਮੀਰਾਂ ਦੇ ਹੁੰਦੇ ਹਨ, ਅਸੀਂ ਕਿਸਾਨ ਤਾਂ ਆਪਣੇ ਖੁਦ ਹੀ ਚੌਕੀਦਾਰ ਹਾਂ। ਉਨ੍ਹਾਂ ਕਿਹਾ ਕਿ ਮੈਂ ਇਸ ਲਈ ਘਰ ਤੋਂ ਬਾਹਰ ਨਿਕਲੀ ਹਾਂ ਕਿਉਂਕਿ ਦੇਸ਼ ਸੰਕਟ ਵਿਚ ਹੈ ਅਤੇ ਜਨਤਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਪ੍ਰਿਅੰਕਾ ਨੇ ਕਿਹਾ ਕਿ 45 ਸਾਲਾਂ ਵਿਚ ਰੁਜ਼ਗਾਰ ਸਬੰਧੀ ਏਨਾ ਮਾੜਾ ਹਾਲ ਕਦੀ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਪ੍ਰਧਾਨ ਮੰਤਰੀ ਨੇ ਭਾਜਪਾ ਆਗੂਆਂ ਨੂੰ ਨਵਾਂ ਹੋਕਾ ਦਿੱਤਾ ਹੈ ਕਿ ਉਹ ਆਪਣੇ ਨਾਮ ਦੇ ਅੱਗੇ ਚੌਕੀਦਾਰ ਸ਼ਬਦ ਲਗਾਉਣ।
ਟਵਿੱਟਰ ‘ਤੇ ਹੁੰਦੀ ਰਹੀ ‘ਚੌਕੀਦਾਰ੩ ਚੌਕੀਦਾਰ’
ਨਵੀਂ ਦਿੱਲੀ/ : ਮਾਈਕ੍ਰੋਬਲੌਗਿੰਗ ਵੈੱਬਸਾਈਟ ਟਵਿੱਟਰ ‘ਤੇ ‘ਚੌਕੀਦਾਰ’ ਦਾ ਬੋਲਬਾਲਾ ਰਿਹਾ। ਵੈੱਬਸਾਈਟ ਦੇ ਸਾਰੇ ਸਿਖਰਲੇ ਰੁਝਾਨਾਂ ਵਿੱਚ ‘ਚੌਕੀਦਾਰ’ ਸ਼ਬਦ ਮੁੜ-ਮੁੜ ਵਰਤਿਆ ਗਿਆ। ਇਸ ਰੁਝਾਨ ਦਾ ਆਗਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਟਵਿੱਟਰ ਹੈਂਡਲ ਦਾ ਨਾਂ ਤਬਦੀਲ ਕਰਕੇ ‘ਚੌਕੀਦਾਰ ਨਰਿੰਦਰ ਮੋਦੀ’ ਰੱਖਣ ਤੋਂ ਹੋਇਆ। ਮੋਦੀ ਨੇ ਟਵਿੱਟਰ ਖਾਤੇ ਦਾ ਨਾਂ ਬਦਲ ਕੇ ਸਪਸ਼ਟ ਰੂਪ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੋ ਟੁੱਕ ਜਵਾਬ ਦਿੱਤਾ ਹੈ, ਜੋ ਰਾਫ਼ਾਲ ਕਰਾਰ ਵਿੱਚ ਕਥਿਤ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ ਮੋਦੀ ਉਤੇ ‘ਚੌਕੀਦਾਰ ਚੋਰ ਹੈ’ ਜੁਮਲੇ ਨਾਲ ਹੱਲਾ ਬੋਲਦੇ ਹਨ। ਪ੍ਰਧਾਨ ਮੰਤਰੀ ਦੀ ਇਸ ਪੇਸ਼ਕਦਮੀ ਤੋਂ ਫੌਰੀ ਮਗਰੋਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਹੋਰਨਾਂ ਮੰਤਰੀਆਂ ਨੇ ਵੀ ਆਪਣੇ ਟਵਿੱਟਰ ਹੈਂਡਲਾਂ ਦੇ ਨਾਂ ਅੱਗੇ ‘ਚੌਕੀਦਾਰ’ ਲਾ ਲਿਆ। ਇਨ੍ਹਾਂ ਮੰਤਰੀਆਂ ਵਿਚ ਵਿੱਤ ਮੰਤਰੀ ਅਰੁਣ ਜੇਤਲੀ, ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ, ਰੇਲ ਮੰਤਰੀ ਪਿਯੂਸ਼ ਗੋਇਲ ਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਹਰਸ਼ ਵਰਧਨ ਸ਼ਾਮਲ ਹਨ, ਪਰ ਕੌਮੀ ਤੇ ਕੌਮਾਂਤਰੀ ਬੰਦਿਸ਼ਾਂ ਦੇ ਚੱਲਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਜਿਹੀ ਪੇਸ਼ਕਦਮੀ ਤੋਂ ਸੰਕੋਚ ਹੀ ਰੱਖਿਆ। ਮੋਦੀ ਦੀ ਪੇਸ਼ਕਦਮੀ ਚੇਨ ਰਿਐਕਸ਼ਨ ਵਜੋਂ ਅੱਗੇ ਤੋਂ ਅੱਗੇ ਫੈਲਦੀ ਗਈ। ਪ੍ਰਧਾਨ ਮੰਤਰੀ ਦਾ ‘ਮੈਂ ਭੀ ਚੌਕੀਦਾਰ’ ਹੈਸ਼ ਟੈਗ ਵਾਇਰਲ ਹੁੰਦੇ ਹੀ ਮੋਦੀ ਦੇ ਫੌਲੋਅਰਜ਼ ਨੇ ਖੁਦ ਨੂੰ ‘ਚੌਕੀਦਾਰ’ ਕਹਿਣਾ ਸ਼ੁਰੂ ਕਰ ਦਿੱਤਾ। ਟਵਿੱਟਰ ਦੀ ਰਿਪੋਰਟ ਮੁਤਾਬਕ ‘ਚੌਕੀਦਾਰ’ ਹੈਸ਼ਟੈਗ ਦੇ ਰੁਝਾਨਾਂ ਵਿਚ ‘ਚੌਕੀਦਾਰ ਫਿਰ ਸੇ’ ਨੂੰ 2 ਲੱਖ ਜਦੋਂਕਿ ‘ਚੌਕੀਦਾਰ ਨਰਿੰਦਰ ਮੋਦੀ’ ਨੂੰ 1.91 ਲੱਖ ਫੌਲੋਅਰਜ਼ ਨੇ ਟੈਗ ਕੀਤਾ। ਕਾਂਗਰਸ ਵੱਲੋਂ ਪ੍ਰੋਮੋਟ ਕੀਤੇ ਜਾ ਰਹੇ ਹੈਂਡਲ ‘ਮੋਦੀ ਵੇਅਰ ਇਜ਼ ਆਫ਼ ਮਨੀ’ ਨੂੰ 1.69 ਲੱਖ ਫੌਲੋਅਰਜ਼ ਨੇ ਟੈਗ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਪੇਸ਼ਕਦਮੀ ਤੋਂ ਕਾਂਗਰਸ ਭਾਵੇਂ ਹੱਕੀ ਬੱਕੀ ਰਹਿ ਗਈ, ਪਰ ਭਾਜਪਾ ਸੂਤਰਾਂ ਨੇ ਕਿਹਾ ਕਿ ਮੋਦੀ ਵੱਲੋਂ ਲੰਘੇ ਦਿਨ ਦਿੱਤੇ ਸੱਦੇ ਮਗਰੋਂ ਇਹ ਸਭ ਕੁਦਰਤੀ ਵਹਾਅ ਵਿੱਚ ਹੋਇਆ ਹੈ। ਮੋਦੀ ਨੇ ਲੰਘੇ ਦਿਨ ਹਰ ਕਿਸੇ ਨੂੰ ‘ਮੈਂ ਭੀ ਚੌਕੀਦਾਰ’ ਸਹੁੰ ਚੁੱਕਣ ਲਈ ਕਿਹਾ ਸੀ।
ਰਾਹੁਲ ਰਹੇ ਚੁੱਪ, ਚਿਦੰਬਰਮ ਨੇ ਕਸਿਆ ਤਨਜ਼
ਪ੍ਰਧਾਨ ਮੰਤਰੀ ਮੋਦੀ ਨੂੰ ‘ਚੌਕੀਦਾਰ ਚੋਰ ਹੈ’ ਦੱਸ ਕੇ ਭੰਡਣ ਵਾਲੇ ਰਾਹੁਲ ਗਾਂਧੀ ਨੇ ‘ਚੌਕੀਦਾਰ’ ਮੁੱਦੇ ‘ਤੇ ਚੁੱਪੀ ਵੱਟੀ ਰੱਖੀ। ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਲਿਖਿਆ, ‘ਮੈਂ ਭੀ ਚੌਕੀਦਾਰ, ਕਿਉਂਕਿ ਮੈਂ ਜਿਹੜਾ ਚੌਕੀਦਾਰ ਲਾਇਆ ਸੀ, ਉਹ ਲਾਪਤਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਉਹ ‘ਅੱਛੇ ਦਿਨਾਂ’ ਦੀ ਭਾਲ ਲਈ ਗਿਆ ਹੋਇਆ ਹੈ।’ ਕਾਂਗਰਸ ਨੇ ਭਾਜਪਾ ਆਗੂਆਂ ਦੀ ਇਸ ਸੱਜਰੀ ਪੇਸ਼ਕਦਮੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਇੰਜ ਜਾਪਦਾ ਹੈ ਜਿਵੇਂ ਰਾਵਣ ਭੇਸ ਵਟਾ ਕੇ ਸੀਤਾ ਦੇ ਦਰਾਂ ‘ਤੇ ਖੜ੍ਹ ਗਿਆ ਹੋਵੇ। ਛੱਤੀਸਗੜ੍ਹ ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਟਵਿੱਟਰ ਵਰਤੋਂਕਾਰਾਂ ਨੂੰ ਚੌਕਸ ਰਹਿਣ ਦੀ ਚਿਤਾਵਨੀ ਦਿੰਦਿਆਂ ਲਿਖਿਆ, ‘ਚੋਰਾਂ ਦਾ ਇਕ ਗਰੋਹ ਖ਼ੁਦ ਨੂੰ ਚੌਕੀਦਾਰ ਦੱਸ ਰਿਹਾ ਹੈ: ਸਾਵਧਾਨ ਰਹੋ।’

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …