6.9 C
Toronto
Friday, November 7, 2025
spot_img
HomeਕੈਨੇਡਾFrontਇੰਡੀਆ ਗਠਜੋੜ ਦੀ ਮਹਾਂ ਰੈਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਚ...

ਇੰਡੀਆ ਗਠਜੋੜ ਦੀ ਮਹਾਂ ਰੈਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਚ ਫਿਕਸਿੰਗ ਕਰ ਰਹੀ ਹੈ ਭਾਜਪਾ : ਰਾਹੁਲ ਦਾ ਆਰੋਪ

ਕੇਜਰੀਵਾਲ ਦੀ ਪਤਨੀ ਨੇ ਪਤੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ; ਦੇਸ਼ ਵਾਸੀਆਂ ਨੂੰ 6 ਗਾਰੰਟੀਆਂ ਦਿੱਤੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਗਠਜੋੜ ਦੇ ਆਗੂਆਂ ਵੱਲੋਂ ਐਤਵਾਰ 31 ਮਾਰਚ ਨੂੰ ਮਹਾਂ ਰੈਲੀ ਕੀਤੀ ਗਈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਦੇ ਰੋਸ ਵਜੋਂ ਇੱਥੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਗੱਠਜੋੜ ਦੇ ਮੋਹਰੀ ਆਗੂ ਇਕੱਠੇ ਹੋਏ ਤੇ ਕੇਂਦਰ ਸਰਕਾਰ ਦੀ ਲੋਕਤੰਤਰ ਵਿਰੋਧੀ ਨੀਤੀ ਖਿਲਾਫ ਰੋਸ ਪ੍ਰਗਟਾਇਆ। ਇਸ ਮੌਕੇ ਐਨਸੀਪੀ ਆਗੂ ਸ਼ਰਦ ਪਵਾਰ, ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀਪੀਆਈ ਜਨਰਲ ਸਕੱਤਰ ਡੀ ਰਾਜਾ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਅਤੇ ਝਾਰਖੰਡ ਦੇ ਮੁੱਖ ਮੰਤਰੀ ਸੋਰੇਨ, ਕਾਂਗਰਸ ਆਗੂ ਰਾਹੁਲ ਗਾਂਧੀ ਸ਼ਾਮਲ ਹੋਏ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਿੱਲੀ ਵਿਚ ਇੰਡੀਆ ਗਠਜੋੜ ਦੀ ਰੈਲੀ ਦੌਰਾਨ ਭਾਜਪਾ ’ਤੇ ਸਿਆਸੀ ਨਿਸ਼ਾਨੇ ਸੇਧੇ। ਉਨ੍ਹਾਂ ਭਾਜਪਾ ’ਤੇ ਮੈਚ ਫਿਕਸਿੰਗ ਦੀ ਖੇਡ ਖੇਡਣ ਦਾ ਆਰੋਪ ਲਗਾਉਂਦਿਆਂ ਕਿਹਾ ਕਿ ਭਾਜਪਾ ਕਿ੍ਰਕਟ ਦੀ ਖੇਡ ਵਾਂਗ ਮੈਚ ਫਿਕਸਿੰਗ ਦੀਆਂ ਚਾਲਾਂ ਚਲ ਰਹੀ ਹੈ ਜਿੱਥੇ ਖਿਡਾਰੀਆਂ ਨੂੰ ਖਰੀਦਿਆ ਜਾਂਦਾ ਹੈ ਅਤੇ ਕਪਤਾਨਾਂ ਨੂੰ ਧਮਕਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਯੋਜਨਾਬੱਧ ਰਣਨੀਤੀ ਦਾ ਸਪਸ਼ਟ ਪ੍ਰਗਟਾਵਾ ਹਨ। ਰਾਹੁਲ ਗਾਂਧੀ ਨੇ ਆਰੋਪ ਲਾਇਆ ਕਿ ਭਾਜਪਾ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਉਨ੍ਹਾਂ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦਾ ਸੰਵਿਧਾਨ ਬਦਲਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਮੰਚ ’ਤੇ ਪੁੱਜੀ। ਇਹ ਰੈਲੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵਿਰੋਧੀ ਧਿਰਾਂ ਵਿਰੁੱਧ ਏਜੰਸੀਆਂ ਦੀ ਦੁਰਵਰਤੋਂ ਦੇ ਰੋਸ ਵਜੋਂ ਕੀਤੀ ਜਾ ਰਹੀ ਹੈ। ਇਸ ਰੈਲੀ ਵਿਚ ਸੁਨੀਤਾ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਮੰਚ ’ਤੇ ਕੇਜਰੀਵਾਲ ਦੀਆਂ ਛੇ ਗਾਰੰਟੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਇਹ ਗਾਰੰਟੀਆਂ ਜੇਲ੍ਹ ਵਿਚ ਤਿਆਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ 24 ਘੰਟੇ ਬਿਜਲੀ ਮਿਲਣੀ ਚਾਹੀਦੀ ਹੈ ਤੇ ਉਹ ਦੇਸ਼ ਦੇ ਗਰੀਬਾਂ ਨੂੰ ਮੁਫਤ ਬਿਜਲੀ ਦੇਣਗੇ। ਹਰ ਮੁਹੱਲੇ ਤੇ ਪਿੰਡ ਵਿਚ ਸ਼ਾਨਦਾਰ ਸਰਕਾਰੀ ਸਕੂਲ ਬਣਨਗੇ। ਹਰ ਪਿੰਡ ਤੇ ਮੁਹੱਲੇ ਵਿਚ ਮੁਹੱਲਾ ਕਲੀਨਿਕ ਤੇ ਜ਼ਿਲ੍ਹੇ ਵਿਚ ਮਲਟੀ ਸਪੈਸ਼ਿਲਟੀ ਸਰਕਾਰੀ ਹਸਪਤਾਲ ਹੋਵੇਗਾ ਤੇ ਹਰ ਵਿਅਕਤੀ ਦਾ ਮੁਫਤ ਇਲਾਜ ਕੀਤਾ ਜਾਵੇਗਾ। ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਮੁਤਾਬਕ ਫਸਲਾਂ ’ਤੇ ਐਮਐਸਪੀ ਦਿੱਤਾ ਜਾਵੇਗਾ। ਦਿੱਲੀ ਨੂੰ ਪੂਰਨ ਰਾਜ ਦਾ ਦਰਜ ਦਿਵਾਇਆ ਜਾਵੇਗਾ। ਕੇਜਰੀਵਾਲ ਨੇ ਸੰਦੇਸ਼ ਵਿਚ ਕਿਹਾ ਕਿ ਉਨ੍ਹਾਂ ਨੇ ਇਹ ਗਾਰੰਟੀਆਂ ਲਈ ਆਪਣੇ ਗਠਜੋੜ ਦੇ ਆਗੂਆਂ ਤੋਂ ਇਜਾਜ਼ਤ ਨਹੀਂ ਲਈ ਕਿਉਂਕਿ ਉਹ ਜੇਲ੍ਹ ਵਿਚ ਹਨ ਤੇ ਠੀਕ ਹਨ ਪਰ ਇਸ ’ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਸ ਮੌਕੇ ਬਾਕੀ ਆਗੂਆਂ ਨੇ ਅਰਵਿੰਦ ਕੇਜਰੀਵਾਲ ਨਾਲ ਡਟ ਕੇ ਖੜ੍ਹੇ ਹੋਣ ਦਾ ਦਾਅਵਾ ਕੀਤਾ।
RELATED ARTICLES
POPULAR POSTS