ਕੋਈ ਵੀ ਫੈਕਟਰੀ ਮਾਲਿਕ ਲੇਬਰ ਕੋਲੋਂ 8 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਵਾ ਸਕਦਾ
ਵਰਕਿੰਗ ਆਵਰਜ਼ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਪੱਸ਼ਟੀਕਰਨ ਕੀਤਾ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ :
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਵਿਚ ਲੇਬਰ ਦੇ ਕੰਮ ਕਰਨ ਦਾ ਸਮਾਂ ਨਿਰਧਾਰਤ ਕਰਦਿਆਂ ਇਸ ਸਬੰਧੀ ਮੁੜ ਤੋਂ ਸਪੱਸ਼ਟੀਕਰਨ ਜਾਰੀ ਕਰ ਦਿੱਤਾ ਹੈ। ਧਿਆਨ ਰਹੇ ਕਿ ਲੰਘੇ ਦਿਨੀਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਕ ਪੱਤਰ ਅਨੁਸਾਰ ਵਰਕਿੰਗ ਆਵਰਜ਼ ਨੂੰ 12 ਘੰਟੇ ਦੱਸਿਆ ਗਿਆ ਸੀ, ਜਿਸ ’ਚ ਪੰਜਾਬ ਸਰਕਾਰ ਵੱਲੋਂ ਸੋਧ ਕਰਕੇ ਮੁੜ ਤੋਂ 8 ਘੰਟੇ ਕੀਤਾ ਗਿਆ ਹੈ। ਸਰਕਾਰ ਨੇ ਇਸ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਹੈ ਕਿ ਲੰਘੇ ਦਿਨੀਂ ਜਾਰੀ ਕੀਤੇ ਗਏ ਪੱਤਰ ਦੀ ਗਲਤ ਵਿਆਖਿਆ ਕੀਤੀ ਗਈ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਫੈਕਟਰੀ ਐਕਟ 1948 ਦੇ ਸੈਕਸ਼ਨ ਅਨੁਸਾਰ ਕੰਮ ਵਾਲੇ ਘੰਟਿਆਂ ਦੀ ਗਿਣਤੀ ਪਹਿਲਾਂ ਵਾਂਗ 8 ਘੰਟੇ ਹੀ ਹੈ, ਜਿਸ ਵਿਚ ਅਰਾਮ ਕਰਨ ਦਾ ਸਮਾਂ ਸ਼ਾਮਲ ਨਹੀਂ ਹੈ। ਐਕਟ ਅਨੁਸਰ ਕਿਸੇ ਵੀ ਬਾਲਗ ਕਾਮੇ ਤੋਂ 8 ਘੰਟਿਆਂ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ। ਜੇਕਰ ਕਿਸੇ ਕਰਮਚਾਰੀ ਦੇ ਕੰਮ ਦੇ ਘੰਟੇ ਵਧ ਜਾਂਦੇ ਹਨ ਤਾਂ ਫੈਕਟਰੀ ਐਕਟ 1948 ਦੀ ਧਾਰਾ 59 ਅਨੁਸਾਰ ਕਾਮੇ ਨੂੰ ਓਵਰਟਾਈਮ ਦੇਣਾ ਜ਼ਰਰੀ ਹੈ। ਇਸ ਮਦ ਅਨੁਸਾਰ ਜੇਕਰ ਕੋਈ ਮਜ਼ਦੂਰ ਦਿਨ ਵਿਚ 9 ਘੰਟੇ ਤੋਂ ਵੱਧ ਕੰਮ ਕਰਦਾ ਹੈ ਅਤੇ ਹਫ਼ਤੇ ਵਿਚ 48 ਘੰਟੇ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਨੂੰ ਰੋਜ਼ਾਨਾ ਦਿਹਾੜੀ ਤੋਂ ਦੁੱਗਣੀ ਤਨਖਾਹ ਦੇਣੀ ਲਾਜ਼ਮੀ ਹੈ। ਜਦਕਿ ਕੋਈ ਫੈਕਟਰੀ ਮਾਲਕ ਜਾਂ ਕਾਰਖਾਨੇ ਦਾ ਮਾਲਕ ਕਿਸੇ ਵੀ ਮਜ਼ਦੂਰ ਕੋਲੋਂ ਜਬਰਦਸਤੀ 8 ਘੰਟੇ ਤੋਂ ਵੱਧ ਕੰਮ ਨਹੀਂ ਕਰਵਾ ਸਕਦਾ।