ਸੰਸਦ ਦਾ ਸਰਦਰੁੱਤ ਸੈਸ਼ਨ 4 ਦਸੰਬਰ ਤੋਂ ਹੋਵੇਗਾ ਸ਼ੁਰੂ
ਤਿ੍ਰਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰੀ ਖਿਲਾਫ਼ ਕੀਤੀ ਜਾ ਸਕਦੀ ਹੈ ਕਾਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼ :
ਸੰਸਦ ਦਾ ਸਰਦ ਰੁੱਤ ਸੈਸ਼ਨ ਪੰਜ ਰਾਜਾਂ ਦੀਆਂ ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਤੋਂ ਅਗਲੇ ਹੀ ਦਿਨ ਯਾਨੀ 4 ਦਸੰਬਰ ਤੋਂ ਸ਼ੁਰੂ ਹੋ ਜਾਵੇਗਾ। ਇਹ ਚੋਣ ਨਤੀਜਿਆਂ ਤੋਂ ਤੈਅ ਹੋਵੇਗਾ ਕਿ ਲੋਕ ਸਭਾ ’ਚ ਸੱਤਾਧਾਰੀ ਧਿਰ ਅਤੇ ਵਿਰੋਧੀ ਵਿਚੋਂ ਕੌਣ ਜ਼ਿਆਦਾ ਹਮਲਾਵਰ ਰੁਖ ਅਪਣਾਉਂਦਾ ਹੈ। ਵਿਰੋਧੀ ਧਿਰ ਵੱਲੋਂ ਜਿਨ੍ਹਾਂ ਮੁੱਦਿਆਂ ਨੂੰ ਚੁੱਕਿਆ ਜਾ ਸਕਦਾ ਹੈ ਉਨ੍ਹਾਂ ’ਚ ਜਾਤੀ ਜਨਗਣਨਾ ਦੀ ਮੰਗ ਸਭ ਤੋਂ ਪ੍ਰਮੁੱਖ ਹੈ। ਈਡੀ, ਸੀਬੀਆਈ ਅਤੇ ਆਈਟੀ ਜਿਹੀਆਂ ਕੇਂਦਰੀ ਏਜੰਸੀਆਂ ਦੀ ਕਥਿਤ ਇਕਤਰਫਾ ਕਾਰਵਾਈਆਂ ਦੇ ਖਿਲਾਫ ‘ਇੰਡੀਆ’ ਬਲਾਕ ਇਕਜੁੱਟ ਹੈ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਤਿ੍ਰਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੁਆ ਮੋਇਤਰਾ ’ਤੇ ਪੈਸੇ ਲੈ ਕੇ ਸਵਾਲ ਪੁੱਛਣ ਦੇ ਆਰੋਪ ਅਤੇ ਐਥਿਕਸ ਕਮੇਟੀ ਵੱਲੋਂ ਉਨ੍ਹਾਂ ਨੂੰ ਸੰਸਦ ਤੋਂ ਬਰਖਾਸਤ ਕੀਤੇ ਜਾਣ ਦੀ ਸਿਫਾਰਸ਼ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦੇ ਬਰਖਾਸਤਗੀ ਦਾ ਮਾਮਲਾ ਵੀ ਸੰਸਦ ਵਿਚ ਗੂੰਜਣ ਦਾ ਆਸਾਰ ਹੈ ਅਤੇ ਅਜਿਹੇ ’ਚ ਟਕਰਾਅ ਦੀ ਸੰਭਾਵਨਾ ਵਧ ਜਾਂਦੀ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਸੈਸ਼ਨ ਦੌਰਾਨ ਭਾਜਪਾ ਯੂਨੀਫਾਰਮ ਸਿਵਲ ਕੋਰਡ ’ਤੇ ਵੀ ਬਹਿਸ ਛੇੜਨਾ ਚਾਹੇਗੀ। ਹਾਲਾਂਕਿ ਇਸ ਮੁੱਦੇ ’ਤੇ ਫਿਲਹਾਲ ਲਾਅ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਨਹੀਂ ਸੌਂਪੀ। ਇਸ ਤੋਂ ਇਲਾਵਾ ਸਰਕਾਰ ਸਰਦ ਰੁੱਤ ਸੈਸ਼ਨ ’ਚ ਆਈਪੀਸੀ, ਸੀਆਰਪੀਸੀ ਅਤੇ ਐਵੀਡੈਂਸ ਲਾਅ ਨਾਲ ਜੁੜੇ ਬਿਲ ਨੂੰ ਪਾਸ ਕੀਤਾ ਜਾ ਸਕਦਾ ਹੈ।