ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ – ਕੇਂਦਰ ਸਰਕਾਰ ਅੰਕੜੇਬਾਜ਼ੀ ਛੱਡ ਕੇ ਵੈਕਸੀਨ ਵੱਲ ਧਿਆਨ ਦੇਵੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਰੋਕੂ ਵੈਕਸੀਨ ਦੀ ਘਾਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਿਰਦੇ ਨਜ਼ਰ ਆ ਰਹੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੈਕਸੀਨ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਾਰਿਆਂ ਲਈ ਵੈਕਸੀਨ ਦਾ ਇੰਤਜ਼ਾਮ ਨਾ ਹੋਇਆ ਤਾਂ ਕਰੋਨਾ ਦੀ ਤੀਜੀ ਲਹਿਰ ਦੌਰਾਨ ਹਾਲਾਤ ਬਦਤਰ ਹੋ ਸਕਦੇ ਹਨ। ਗਹਿਲੋਤ ਨੇ ਤਿੰਨ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਵੈਕਸੀਨ ਦੇ ਮੁੱਦੇ ’ਤੇ ਪਿਛਲੇ ਕਈ ਦਿਨਾਂ ਤੋਂ ਸਿਆਸਤ ਵੀ ਜਾਰੀ ਹੈ। ਭਾਜਪਾ ਆਗੂ ਰਾਜਸਥਾਨ ਵਿਚ ਵੈਕਸੀਨੇਸ਼ਨ ਦਾ ਸਹੀ ਇੰਤਜ਼ਾਮ ਨਾ ਹੋਣ ਕਰਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਆਰੋਪ ਲਗਾ ਰਹੇ ਹਨ। ਗਹਿਲੋਤ ਇਹ ਬਿਆਨ ਵੀ ਜਾਰੀ ਕਰ ਚੁੱਕੇ ਹਨ ਕਿ ਦੇਸ਼ ਵਿਚ ਹੁਣ ਤੱਕ ਜਿੰਨੇ ਵੀ ਵੈਕਸੀਨੇਸ਼ਨ ਹੋਏ ਹਨ, ਉਹ ਕੇਂਦਰ ਸਰਕਾਰ ਨੇ ਫਰੀ ਕਰਵਾਏ। ਇਸ ਲਈ ਹੁਣ ਵੀ ਕੇਂਦਰ ਸਰਕਾਰ ਨੂੰ ਸਾਰੇ ਵਰਗਾਂ ਲਈ ਫਰੀ ਵੈਕਸੀਨੇਸ਼ਨ ਕਰਵਾਉਣਾ ਚਾਹੀਦਾ ਹੈ। ਉਧਰ ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 18 ਤੋਂ 44 ਸਾਲ ਵਰਗ ਦੇ ਵਿਅਕਤੀ ਕੋਵਿਨ ਪਲੈਟਫਾਰਮ ’ਤੇ ਜਾ ਕੇ ਨਾਲ ਦੀ ਨਾਲ ਵੈਕਸੀਨ ਲਗਵਾ ਸਕਦੇ ਹਨ। ਇਹ ਸਹੂਲਤ ਹਾਲ ਦੀ ਘੜੀ ਸਿਰਫ ਸਰਕਾਰੀ ਕਰੋਨਾ ਟੀਕਾਕਰਨ ਕੇਂਦਰਾਂ ’ਤੇ ਦਿੱਤੀ ਗਈ ਹੈ।