Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਦੇ ਸੀਨੀਅਰ ਮੈਂਬਰ ਧਿਆਨ ਸਿੰਘ ਸੋਹਲ (64) ਨੇ 30 ਕਿਲੋਮੀਟਰ ‘ਅਰਾਊਂਡ ਦ ਬੇਅ ਰੋਡ ਰੇਸ’ ਵਿਚ ਲਿਆ ਹਿੱਸਾ

ਟੀ.ਪੀ.ਏ.ਆਰ. ਕਲੱਬ ਦੇ ਸੀਨੀਅਰ ਮੈਂਬਰ ਧਿਆਨ ਸਿੰਘ ਸੋਹਲ (64) ਨੇ 30 ਕਿਲੋਮੀਟਰ ‘ਅਰਾਊਂਡ ਦ ਬੇਅ ਰੋਡ ਰੇਸ’ ਵਿਚ ਲਿਆ ਹਿੱਸਾ

ਹੈਮਿਲਟਨ/ਡਾ.ਝੰਡ : ਪ੍ਰਾਪਤ ਸੂਚਨਾ ਅਨੁਸਾਰ ਲੰਘੇ ਸ਼ਨੀਵਾਰ 25 ਮਾਰਚ ਨੂੰ ਹੈਮਿਲਟਨ ਵਿਚ ਹੋਈ 30 ਕਿਲੋ ਮੀਟਰ ‘ਅਰਾਊਂਡ ਦ ਬੇਅ ਰੋਡ ਰੇਸ’ ਵਿਚ ਟੀ.ਪੀ.ਏ.ਆਰ. ਕਲੱਬ ਦੇ 64 ਸਾਲਾ ਮੈਂਬਰ ਧਿਆਨ ਸਿੰਘ ਸੋਹਲ ਨੇ ਭਾਗ ਲਿਆ। 1894 ਵਿਚ ਕ੍ਰਿਸਮਸ ਵਾਲੇ ਦਿਨ ਸ਼ੁਰੂ ਹੋਈ ਇਸ ਰੇਸ ਨੂੰ ਪਹਿਲੀ ਵਾਰ ਸਪਾਂਸਰ ਕਰਨ ਵਾਲੇ ‘ਹੈਮਿਲਟਨ ਹੈਰਾਲਡ’ ਅਖ਼ਬਾਰ ਦੇ ਮਾਲਕ ਬਿਲੀ ਕੈਰੋਲ ਦੇ ਨਾਂ ‘ਤੇ ਇਸ ਨੂੰ ‘ਬਿਲੀ ਸ਼ੈਰਿੰਗ ਮੈਮੋਰੀਅਲ ਰੋਡ ਰੇਸ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਧਿਆਨ ਸਿੰਘ ਸੋਹਲ ਨੇ ਇਸ ਦੌੜ ਦਾ 30 ਕਿਲੋਮੀਟਰ ਲੰਮਾ ਰਸਤਾ 2 ਘੰਟੇ 44 ਮਿੰਟ 43 ਸਕਿੰਟ ਵਿਚ ਸਫ਼ਲਤਾ ਪੂਰਵਕ ਦੌੜ ਕੇ ਪਿਛਲੇ ਸਾਲ ਦਾ ਆਪਣਾ ਰਿਕਾਰਡ 2 ਘੰਟੇ 47 ਮਿੰਟ 39 ਸਕਿੰਟ ਲੱਗਭੱਗ ਤਿੰਨ ਮਿੰਟਾਂ ਦੇ ਫ਼ਰਕ ਨਾਲ ਤੋੜਿਆ ਹੈ ਜੋ ਕਿ ਬੜੀ ਖ਼ੁਸ਼ੀ ਵਾਲੀ ਗੱਲ ਹੈ। ਇੰਜ ਲੱਗਦਾ ਹੈ ਕਿ ਉਮਰ ਦੇ ਵੱਧਣ ਨਾਲ ਉਨ੍ਹਾਂ ਦੇ ਦੌੜਨ ਦੀ ਸਪੀਡ ਵਿਚ ਤੇਜ਼ੀ ਆ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ 4 ਮਾਰਚ ਨੂੰ ਬਰਲਿੰਗਟਨ ਵਿਚ ਹੋਈ ‘ਚਿੱਲੀ ਹਾਫ਼ ਮੈਰਾਥਨ’ ਵਿਚ ਉਨ੍ਹਾਂ ਨੇ 21 ਕਿਲੋ ਮੀਟਰ ਦੌੜ ਇਕ ਘੰਟਾ 46 ਮਿੰਟ ਵਿਚ ਪੂਰੀ ਕਰਕੇ ਪਿਛਲੇ ਸਾਲ ਦੇ ਆਪਣੇ ਰਿਕਾਰਡ ਵਿਚ 6 ਮਿੰਟ ਦਾ ਸੁਧਾਰ ਕੀਤਾ ਸੀ। ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ 1894 ਵਿਚ ਹੈਮਿਲਟਨ ਵਿਚ ਸ਼ੁਰੂ ਕੀਤੀ ਗਈ ਇਹ 30 ਕਿਲੋ ਮੀਟਰ ਲੰਮੀ ‘ਅਰਾਊਂਡ ‘ਦ ਬੇਅ ਰੋਡ ਰੇਸ’ ਸੱਭ ਤੋਂ ਪੁਰਾਣੀ ਲੰਮੀ ਰੇਸ ਹੈ ਅਤੇ ਇਹ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਅਪ੍ਰੈਲ 1897 ਵਿਚ ਸ਼ੁਰੂ ਹੋਈ ਅੰਤਰ-ਰਾਸ਼ਟਰੀ ਪ੍ਰਸਿੱਧੀ ਖੱਟ ਚੁੱਕੀ ‘ਬੋਸਟਨ ਮੈਰਾਥਨ’ ਨਾਲੋਂ ਵੀ ਤਿੰਨ ਸਾਲ ਪੁਰਾਣੀ ਹੈ। ਦਰਅਸਲ, ਇਹ ‘ਮੈਰਾਥਨ ਦੌੜ’ ਨਹੀਂ ਹੈ ਅਤੇ ਇਸ ਦੀ 30 ਕਿਲੋ ਮੀਟਰ ਲੰਬਾਈ ਸਾਰੀ ਦੁਨੀਆਂ ਵਿਚ ਇਸ ਦੀ ਵੱਖਰੀ ਪਹਿਚਾਣ ਦਰਸਾਉਂਦੀ ਹੈ। ਇਸ ਦੇ ਆਖ਼ਰੀ ਕੁਝ ਭਾਗ ਵਿਚ ਪਹਾੜੀ ਚੜ੍ਹਾਈ ਹੈ ਜੋ ਇਸ ਨੂੰ ਆਮ ਦੌੜਾਂ ਨਾਲ ਕੁਝ ਮੁਸ਼ਕਲ ਵੀ ਬਣਾ ਦਿੰਦੀ ਹੈ। ਇਸ ਚੜ੍ਹਾਈ ਦੇ ਕਾਰਨ ਕਈ ਦੌੜਾਕ ਇਸ ਰੇਸ ਤੋਂ ਕਤਰਾਅ ਵੀ ਜਾਂਦੇ ਹਨ।
ਸਾਲ 2007 ਵਿਚ ਇਸ ਵਿਚ ਇਕ ਹੋਰ ਈਵੈਂਟ 5 ਕਿਲੋਮੀਟਰ ਸ਼ੁਗਲੀਆ ਦੌੜਨ ਅਤੇ ਤੁਰਨ ਵਾਲਿਆਂ ਲਈ ਸ਼ਾਮਲ ਕੀਤਾ ਗਿਆ ਜਿਸ ਵਿਚ ਬਹੁਤ ਸਾਰੇ ਲੋਕ ਬੜੇ ਸ਼ੋਕ ਨਾਲ ਭਾਗ ਲੈਂਦੇ ਹਨ। ਇਸ ਸਾਲ ਇਨ੍ਹਾਂ ਦੋਹਾਂ ਦੌੜਾਂ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ 9,000 ਤੋਂ ਵਧੇਰੇ ਦੱਸੀ ਜਾ ਰਹੀ ਹੈ

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …