ਭਾਜਪਾ ਵਿਧਾਇਕਾਂ ਨੇ ਲਗਾਏ ਜੈ ਸ੍ਰੀ ਰਾਮ ਦੇ ਨਾਅਰੇ
ਦੇਹਰਾਦੂਨ/ਬਿਊਰੋ ਨਿਊਜ਼ : ਉਤਰਾਖੰਡ ਵਿਧਾਨ ਸਭਾ ’ਚ ਅੱਜ ਮੰਗਲਵਾਰ ਨੂੰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੱਲੋਂ ਵਿਧਾਨ ਸਭਾ ’ਚ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਬਿਲ ਪੇਸ਼ ਕੀਤਾ ਗਿਆ। ਵਿਧਾਨ ਸਭਾ ’ਚ ਯੂਸੀਸੀ ਬਿਲ ਪਾਸ ਹੋਣ ਮਗਰੋਂ ਕਾਨੂੰਨ ਬਣ ਜਾਵੇਗਾ ਅਤੇ ਫਿਰ ਇਸ ਬਿਲ ਨੂੰ ਪ੍ਰਵਾਨਗੀ ਲਈ ਰਾਜਪਾਲ ਕੋਲ ਭੇਜਿਆ ਜਾਵੇਗਾ। ਬਿਲ ਨੂੰ ਪੇਸ਼ ਕਰਦੇ ਹੋਏ ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਇਸ ਬਿਲ ’ਚ ਸਾਰੇ ਧਰਮਾਂ ਦਾ ਖਿਆਲ ਰੱਖਿਆ ਗਿਆ ਅਤੇ ਇਸ ਬਿਲ ਨੂੰ ਲਿਆਉਣ ਦਾ ਮਕਸਦ ਇਕਸਾਰ ਕਾਨੂੰਨ ਨੂੰ ਲਾਗੂ ਕਰਨਾ ਹੈ। ਜਦਕਿ ਯੂਸੀਸੀ ਬਿਲ ’ਤੇ ਡਰਾਫਟ ਤਿਆਰ ਕਰਨ ਵਾਲਾ ਉਤਰਖੰਡ ਦੇਸ਼ ਦਾ ਪਹਿਲਾ ਸੂਬਾ ਹੈ। ਬਿਲ ਨੂੰ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਇਸ ਬਿਲ ਦਾ ਪਿਛਲੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਅੱਜ ਉਹ ਪਲ ਆ ਗਿਆ ਹੈ। ਜਦਕਿ ਵਿਰੋਧੀ ਧਿਰਾਂ ਵੱਲੋਂ ਇਸ ਬਿਲ ਨੂੰ ਲੈ ਕੇ ਵਿਧਾਨ ਸਭਾ ’ਚ ਭਾਰੀ ਹੰਗਾਮਾ ਕੀਤਾ ਗਿਆ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ ਪੁਸ਼ਕਰ ਸਿੰਘ ਧਾਮੀ ਭਾਜਪਾ ਆਗੂਆਂ ਨੂੰ ਖੁਸ਼ ਕਰਨ ਲਈ ਇਹ ਬਿਲ ਲੈ ਕੇ ਆਏ ਜਦਕਿ ਮੁਸਲਿਮ ਆਗੂ ਅਸੂਉਦੀਨ ਓਵੈਸ਼ੀ ਨੇ ਇਸ ਬਿਲ ਨੂੰ ਮੁਸਲਮਾਨਾਂ ਦੇ ਖਿਲਾਫ਼ ਸਾਜ਼ਿਸ਼ ਦੱਸਿਆ ਹੈ।