
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕੈਂਸਰ ਨੂੰ ਮਾਤ ਦੇਣ ਲਈ ਹੁਣ ਨਵੀਂ ਰਣਨੀਤੀ ਨਾਲ ਕੰਮ ਹੋਵੇਗਾ। ਮਾਲਵਾ ਖੇਤਰ ਦੇ ਨਾਲ ਹੀ ਦੋਆਬਾ ਅਤੇ ਮਾਝਾ ਦੇ ਖੇਤਰਾਂ ਵਿਚ ਵੀ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਜਾਂਚ ਹੋਵੇਗੀ। ਇਹ ਕੰਮ ਭਾਭਾ ਏਟੌਮਿਕ ਰਿਸਰਚ ਸੈਂਟਰ (ਬੀਏਆਰਸੀ) ਵਲੋਂ ਕੀਤਾ ਜਾਵੇਗਾ। ਇਸਦੇ ਲਈ ਬੀਏਆਰਸੀ ਇਨ੍ਹਾਂ ਦੋਵੇਂ ਖੇਤਰਾਂ ਵਿਚੋਂ ਇਕ-ਇਕ ਜ਼ਿਲ੍ਹੇ ਦੀ ਚੋਣ ਕਰੇਗਾ। ਜਿਸ ਤੋਂ ਬਾਅਦ ਜਾਂਚ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ। ਇਸ ਜਾਂਚ ਦੌਰਾਨ ਜੋ ਵੀ ਰਿਜਲਟ ਆਉਣਗੇ, ਉਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸੌਂਪਿਆ ਜਾਵੇਗਾ। ਹਾਲਾਂਕਿ ਪੰਜਾਬ ਸਰਕਾਰ ਵੀ ਕੈਂਸਰ ਨੂੰ ਲੈ ਕੇ ਗੰਭੀਰ ਹੈ। ਲੋਕਾਂ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਦੇ ਲਈ ਸਕਰੀਨਿੰਗ ਕੈਂਪ ਤੋਂ ਲੈ ਕੇ ਇਲਾਜ ਦੇ ਲਈ ਆਰਥਿਕ ਮੱਦਦ ਤੱਕ ਮੁਹੱਈਆ ਕਰਵਾਈ ਜਾਂਦੀ ਹੈ।
1500 ਸੈਂਪਲਾਂ ਵਿਚੋਂ 35 ਫੀਸਦੀ ਵਿਚ ਮਿਲਿਆ ਸੀ ਯੂਰੇਨੀਅਮ : ਇਹ ਮਾਮਲਾ ਸਾਲ 2010 ਵਿਚ ਉਸ ਸਮੇਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਹੁੰਚਿਆ ਸੀ, ਜਦੋਂ ਸੂਬੇ ਵਿਚ ਕੈਂਸਰ ਨੇ ਪੈਰ ਪਸਾਰਨੇ ਸ਼ੁਰੂ ਕੀਤੇ ਸਨ। ਮਾਲਵਾ ਖੇਤਰ ਸਭ ਤੋਂ ਜ਼ਿਆਦਾ ਇਸ ਬਿਮਾਰੀ ਦੀ ਲਪੇਟ ਵਿਚ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਪਾਣੀ ਵਿਚ ਯੂਰੇਨੀਅਮ ਦੀ ਜਾਂਚ ਦੇ ਲਈ ਬੀਏਆਰਸੀ ਨੂੰ ਜ਼ਿੰਮੇਵਾਰੀ ਸੌਂਪੀ ਸੀ। ਬੀਏਆਰਸੀ ਨੇ ਚਾਰ ਜ਼ਿਲ੍ਹਿਆਂ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ ਅਤੇ ਮਾਨਸਾ ਵਿਚ ਪਾਣੀ ਦੇ 1500 ਸੈਂਪਲ ਲਏ ਸਨ। ਇਨ੍ਹਾਂ ਵਿਚੋਂ 35 ਫੀਸਦੀ ਸੈਂਪਲਾਂ ਵਿਚ ਯੂਰੇਨੀਅਮ ਜ਼ਿਆਦਾ ਮਿਲਿਆ ਸੀ।