14.8 C
Toronto
Tuesday, September 16, 2025
spot_img
Homeਕੈਨੇਡਾਤਰਕਸ਼ੀਲ ਸੁਸਾਇਟੀ ਵਲੋਂ ਵੱਡੇ ਪੱਧਰ 'ਤੇ ਸੈਮੀਨਾਰ ਕਰਵਾਉਣ ਦਾ ਫੈਸਲਾ

ਤਰਕਸ਼ੀਲ ਸੁਸਾਇਟੀ ਵਲੋਂ ਵੱਡੇ ਪੱਧਰ ‘ਤੇ ਸੈਮੀਨਾਰ ਕਰਵਾਉਣ ਦਾ ਫੈਸਲਾ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਦੀ ਕਾਰਜਕਰਨੀ ਦੀ ਬੀਤੇ ਐਤਵਾਰ ਸਕਾਰਬਰੋ ਵਿਚ ਹੋਈ ਮੀਟਿੰਗ ਵਿਚ ਅਗਲੇ ਸਾਲ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕਰਦਿਆਂ, ਫੈਸਲਾ ਕੀਤਾ ਗਿਆ ਕਿ ਜ਼ਿਆਦਾ ਜ਼ੋਰ ਤਰਕਸ਼ੀਲ ਵਿਚਾਰਾਂ ਦੇ ਪ੍ਰਚਾਰ ਪਸਾਰ ‘ਤੇ ਦਿੱਤਾ ਜਾਣਾ ਚਾਹੀਦਾ ਹੈ। ਮੀਟਿੰਗ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਹੋਣ ਕਾਰਨ ਉਨ੍ਹਾਂ ਦੇ ਵਿਚਾਰਾਂ ਦੀ ਅਜੋਕੇ ਸਮੇਂ ਵਿੱਚ ਸਾਰਥਕਤਾ ‘ਤੇ ਵੀ ਖੁੱਲ੍ਹ ਕੇ ਚਰਚਾ ਹੋਈ।
ਤਰਕਸ਼ੀਲ ਸੁਸਾਇਟੀ ਜੋ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਕਾਰਜਸ਼ੀਲ ਹੈ, ਨੇ ਬੀਤੇ ਸਾਲ ਵੱਡੀ ਉਲਾਂਘ ਪੁੱਟਦਿਆਂ ਵੱਖਵੱਖ ਇਕਾਈਆਂ ਨੂੰ ਕੌਮੀ ਪੱਧਰ ‘ਤੇ ਸੰਗਠਿਤ ਕਰ ਲਿਆ ਹੈ ਅਤੇ ਖਾਸ ਤੌਰ ‘ਤੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਮਸਲਿਆਂ ਬਾਰੇ ਜ਼ੂਮ ਮੀਟਿੰਗਾਂ ਰਾਹੀ ਕੈਨੇਡਾ ਵਿੱਚੋਂ ਚੁਣੇ ਨੁਮਾਇੰਦੇ ਸਾਂਝੀ ਰਾਇ ਬਣਾ ਲੈਂਦੇ ਹਨ।
ਇਸ ਮੀਟਿੰਗ ਵਿੱਚ ਅਗਲੇ ਕੁਝ ਦਿਨਾਂ ਵਿੱਚ ਹੋਣ ਵਾਲੀ ਕੌਮੀ ਮੀਟਿੰਗ ਵਿੱਚ ਵਿਚਾਰੇ ਜਾਣ ਵਾਲੇ ਮਸਲਿਆਂ ‘ਤੇ ਵੀ ਚਰਚਾ ਹੋਈ, ਜਿਨ੍ਹਾਂ ਵਿੱਚ ਸਰਕਾਰਾਂ ਵਲੋਂ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਸੈਕਸ ਬਾਰੇ ਜਾਣਕਾਰੀ ਦੇਣ ਦਾ ਫੈਸਲਾ ਜੋ ਓਨਟਾਰੀਓ ਦੇ ਨਾਲ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਭਖਿਆ ਹੋਇਆ ਹੈ, ਬਾਰੇ ਵੀ ਚਰਚਾ ਕੀਤੀ ਗਈ, ਜਿਸ ਬਾਰੇ ਅੰਤਿਮ ਫੈਸਲਾ ਕੌਮੀ ਕਾਰਜਕਰਨੀ ਦੀ ਮੀਟਿੰਗ ਵਿੱਚ ਲਿਆ ਜਾਵੇਗਾ। ਸ਼ਹੀਦ ਭਗਤ ਸਿੰਘ ਬਾਰੇ ਚਲੀ ਚਰਚਾ ਵਿੱਚ ਉਨ੍ਹਾਂ ਦੀ ਲਿਖਤ ”ਮੈਂ ਨਾਸਤਿਕ ਕਿਉਂ ਹਾਂ” ਨੂੰ ਅਜੋਕੇ ਸਮੇਂ ਵਿੱਚ ਵੀ ਇਸ ਮਸਲੇ ‘ਤੇ ਸਭ ਤੋਂ ਸਾਰਥਿਕ ਮੰਨਦਿਆਂ ਇਸ ਦੀਆਂ ਪੰਜਾਬੀ ਅਤੇ ਅੰਗਰੇਜ਼ੀ ਵਿਚ ਕਾਪੀਆਂ ਆਮ ਲੋਕਾਂ ਤੱਕ ਪਹੁੰਚਾਣ ਦੇ ਉੱਦਮ ਕਰਨ ਦਾ ਫੈਸਲਾ ਵੀ ਹੋਇਆ। ਇਸ ਸਾਲ ਦੀ ਪਿਕਨਿਕ ਦਾ ਰੀਵਿਊ ਕਰਨ ਤੇ ਫੈਸਲਾ ਕੀਤਾ ਗਿਆ ਕਿ ਅਗਲੇ ਸਾਲ ਇਸ ਲਈ ਗਰਮੀ ਦੇ ਮੌਸਮ ਵਿੱਚ ਪਹਿਲਾਂ ਹੀ ਯੋਗ ਸਥਾਨ ਦੀ ਬੁਕਿੰਗ ਕਰਵਾ ਲਈ ਜਾਵੇ।
ਮੀਟਿੰਗ ਦਾ ਸੰਚਾਲਨ ਸਕੱਤਰ ਅਮਰਦੀਪ ਸਿੰਘ ਨੇ ਬਾਖੂਬੀ ਕੀਤਾ। ਚਾਹ ਪਾਣੀ ਦਾ ਇੰਤਜ਼ਾਮ ਸਕਾਰਬਰੋ ਵਿੱਚ ਰਹਿ ਰਹੇ ਸੋਹਣ ਢੀਂਡਸਾ ਤੇ ਸਾਥੀਆਂ ਵਲੋਂ ਕੀਤਾ ਗਿਆ। ਸੋਸਾਇਟੀ ਬਾਰੇ ਹੋਰ ਜਾਣਕਾਰੀ ਲਈ, ਬਲਰਾਜ ਸ਼ੌਕਰ (647 679 4398) ਜਾਂ ਅਮਰਦੀਪ ਸਿੰਘ (647 782 8334) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS