ਬਰੈਂਪਟਨ/ਬਿਊਰੋ ਨਿਊਜ਼ : ਅਲਗੋਮਾ ਯੂਨੀਵਰਸਿਟੀ ਨੇ ਆਪਣੀ 10ਵੀਂ ਵਰ੍ਹੇਗੰਢ ਮਨਾਉਂਦਿਆਂ ਹੋਇਆਂ ਐਲਾਨ ਕੀਤਾ ਕਿ ਉਹ ਬਰੈਂਪਟਨ ਦੇ ‘ਦਿਲ’ ਡਾਊਨ ਟਾਊਨ ਵਿਖੇ ਇਸ ਸਤੰਬਰ 2018 ਤੋਂ ਆਪਣਾ ਸਕੂਲ ਆਫ਼ ਬਿਜ਼ਨੈੱਸ ਐਂਡ ਇਕਨਾਮਿਕਸ ਸ਼ੁਰੂ ਕਰੇਗੀ। ਇਸ ਸ਼ੁਭ ਖ਼ਬਰ ਨਾਲ ਬਰੈਂਪਟਨ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਇਸ ਦੇ ਨਾਲ ਬਰੈਂਪਟਨ ਵਿਚ ਵਿਦਿਆ ਦੇ ਖ਼ੇਤਰ ਵਿਚ ਤਰੱਕੀ ਦੀਆਂ ਹੋਰ ਸੰਭਾਵਨਾਵਾਂ ਬਣੀਆਂ ਹਨ। ਅਲਗੋਮਾ ਯੂਨੀਵਰਸਿਟੀ ਦਾ ਇਹ ਉਪਰਾਲਾ ਬਰੈਂਪਟਨ ਵਿਚ ਪੋਸਟ ਸੈਕੰਡਰੀ ਵਿੱਦਿਆ ਲਈ ਖ਼ਾਸ ਤੌਰ ‘ਤੇ ਆਪਣਾ ਯੋਗਦਾਨ ਪਾਏਗਾ।
ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਇਹ ‘ਸਕੂਲ ਆਫ਼ ਬਿਜ਼ਨੈੱਸ ਐਂਡ ਇਕਨਾਮਿਕਸ’ ਅਕਾਊਂਟਿੰਗ, ਇਕਨਾਮਿਕਸ, ਹਿਊਮਨ ਰਿਸੋਰਸ ਮੈਨੇਜਮੈਂਟ ਅਤੇ ਮਾਰਕੀਟਿੰਗ ਦੇ ਖ਼ੇਤਰਾਂ ਵਿਚ ਬਿਜ਼ਨੈੱਸ ਐਂਡ ਫ਼ਾਈਨਾਂਸ ਐਡਮਨਿਸਟ੍ਰੇਸ਼ਨ ਦੇ ਸਪੈਸ਼ਲ ਕੋਰਸ ਚਲਾਏਗਾ ਜਿਨ੍ਹਾਂ ਨਾਲ ਵਿਦਿਆਰਥੀਆਂ ਨੂੰ ਚਾਰਟਰਡ ਪ੍ਰੋਫ਼ੈਸ਼ਨਲ ਅਕਾਊਟਿੰਗ (ਸੀ.ਪੀ.ਏ.) ਅਤੇ ਕੈਨੇਡੀਅਨ ਹਿਊਮਨ ਰਿਸੋਰਸ ਪ੍ਰੋਫ਼ੈਸ਼ਨਲ (ਸੀ.ਐੱਚ.ਆਰ.ਪੀ.) ਵਰਗੇ ਗ੍ਰੈਜੂਏਟ ਪ੍ਰੋਗਰਾਮ ਪੂਰੇ ਕਰਨ ਵਿਚ ਮਦਦ ਮਿਲੇਗੀ। ਯੋਗ ਸੈਕੰਡਰੀ ਸਕੂਲ ਗਰੈਜੂਏਟ ਇਨ੍ਹਾਂ ਪ੍ਰੋਗਰਾਮਾਂ ਲਈ ਆਪਣੀਆਂ ਅਰਜ਼ੀਆਂ ਸਿੱਧੀਆਂ ਭੇਜ ਸਕਣਗੇ। ਇਸ ਮੌਕੇ ਬੋਲਦਿਆਂ ਅਲਗੋਮਾ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਅਤੇ ਵਾਈਸ-ਚਾਂਸਲਰ ਅਸੀਮਾ ਵੇਜ਼ੀਨਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਕੂਲ ਆਫ਼ ਬਿਜ਼ਨੈੱਸ ਐਂਡ ਇਕਨਾਮਿਕਸ ਬਾਰੇ ਅੱਜ ਕੀਤਾ ਗਿਆ ਇਹ ਐਲਾਨ ਬਰੈਂਪਟਨ ਸਿਟੀ, ਬਰੈਂਪਟਨ ਬੋਰਡ ਆਫ਼ ਟਰੇਡ, ਸਿਟੀ ਆਫ਼ ਬਰੈਂਪਟਨ ਇਕਨਾਮਿਕ ਆਫ਼ਿਸ, ਸਥਾਨਕ ਬਿਜ਼ਨੈੱਸ ਆਗੂਆਂ, ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਸਟਾਫ਼ ਅਤੇ ਆਮ ਲੋਕਾਂ ਨਾਲ ਪਿਛਲੇ ਛੇ ਮਹੀਨੇ ਤੋਂ ਚੱਲ ਰਹੀ ਗੱਲਬਾਤ ਦਾ ਨਤੀਜਾ ਹੈ। ਅਲਗੋਮਾ ਯੂਨੀਵਰਸਿਟੀ ਨੇ ਆਪਣੀ ਇਹ ਪਲੈਨਿੰਗ ਬਰੈਂਪਟਨ ਦੇ ਵਿਜ਼ਨ-2040 ਨੂੰ ਮੁੱਖ ਰੱਖ ਕੇ ਕੀਤੀ ਹੈ ਜਿਸ ਦੇ ਅਨੁਸਾਰ ਬਰੈਂਪਟਨ ਸਿਟੀ ਵੱਲੋਂ ਰਾਇਰਸਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਬਰੈਂਪਟਨ ਯੂਨੀਵਰਸਿਟੀ ਦਾ ਨਵਾਂ ਕੈਂਪਸ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰੈਂਪਟਨ ਦੀਆਂ ਵਿਦਿਅਕ, ਟ੍ਰੇਨਿੰਗ ਅਤੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਸ ਦੇ ਪਾਰਟਨਰ ਵਜੋਂ ਪੂਰਾ ਸਹਿਯੋਗ ਕਰ ਰਹੇ ਹਾਂ।
ਇਸ ਸੰਖੇਪ ਸਮਾਗ਼ਮ ਵਿਚ ਹਾਜ਼ਰ ਅਹਿਮ ਸ਼ਖ਼ਸੀਅਤਾਂ ਵਿਚ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਬਰੈਂਪਟਨ ਸਿਟੀ ਕਾਊਂਸਲਰ ਵਿਲੀਅਮ ਡੱਗ ਵਿਲੀਅਨਜ਼, ਬਰੈਂਪਟਨ ਬੋਰਡ ਆਫ਼ ਟਰੇਡ ਦਾ ਸੀ.ਈ.ਓ. ਟੌਡ ਲੈੱਟਸ ਅਤੇ ਕਈ ਬਿਜ਼ਨੈੱਸਮੈਨ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ,”ਅਲਗੋਮਾ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤਾ ਜਾ ਰਹੇ ਸਕੂਲ ਆਫ਼ ਬਿਜ਼ਨੈੱਸ ਐਂਡ ਇਕਨਾਮਿਕਸ ਦੇ ਐਲਾਨ ਦੀ ਮੈਨੂੰ ਬੇਹੱਦ ਖੁਸ਼ੀ ਹੋਈ ਹੈ। ਇਸ ਦੇ ਨਾਲ ਬਰੈਂਪਟਨ ਦੇ ਵਿਦਿਆਰਥੀਆਂ ਨੂੰ ਆਪਣੇ ਪੋਸਟ ਸੈਕੰਡਰੀ ਪ੍ਰੋਗਰਾਮ ਬਾਰੇ ਪਲੈਨਿੰਗ ਕਰਨ ਵਿਚ ਭਾਰੀ ਮਦਦ ਮਿਲੇਗੀ।
ਉਹ ਆਪਣੇ ਯੂਨੀਵਰਸਿਟੀ ਪੱਧਰ ਦੇ ਪੌਗਰਾਮ ਬਰੈਂਪਟਨ ਵਿਚ ਹੀ ਮੁਕੰਮਲ ਕਰ ਸਕਣਗੇ ਅਤੇ ਇਸ ਦੇ ਨਾਲ ਨਾਲ ਬਿਜ਼ਨੈੱਸ ਕਮਿਊਨਿਟੀ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਨਗੇ। ਸਾਡੀ ਸਰਕਾਰ ਨੌਜੁਆਨ ਕੈਨੇਡੀਅਨਾਂ ਨੂੰ ਲੋੜੀਂਦੇ ਸਾਧਨ ਅਤੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਕਿ ਉਹ ਬਰੈਂਪਨ ਅਤੇ ਪੀਲ ਰਿਜਨ ਦੀਆਂ ਬਿਜ਼ਨੈੱਸ ਜ਼ਰੂਰਰਤਾਂ ਨੂੰ ਪੂਰਿਆਂ ਕਰ ਸਕਣ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …