50 ਹਜ਼ਾਰ ਤੋਂ ਵੱਧ ਟਰੈਕਟਰ ਦਿੱਲੀ ਦੀ ਹਿੱਕ ‘ਤੇ ਚੜ੍ਹੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨੀ ਸੰਘਰਸ਼ ਨੂੰ ਛੇ ਹਫਤਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨੇ ਵੀਰਵਾਰ ਨੂੰ ਦਿੱਲੀ ਦੇ ਚਾਰੇ ਪਾਸੇ ਟਰੈਕਟਰ ਮਾਰਚ ਵੀ ਕੀਤਾ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਇਸ ਮਾਰਚ ਵਿਚ ਕਿਸਾਨ 50 ਹਜ਼ਾਰ ਤੋਂ ਜ਼ਿਆਦਾ ਟਰੈਕਟਰ ਟਰਾਲੀਆਂ ਲੈ ਕੇ ਸ਼ਾਮਲ ਹੋਏ। ਇਹ ਮਾਰਚ ਸਿੰਘੂ ਬਾਰਡਰ ਤੋਂ ਟਿੱਕਰੀ, ਟਿੱਕਰੀ ਤੋਂ ਸ਼ਾਹਜਹਾਂਪੁਰ, ਗਾਜ਼ੀਪੁਰ ਤੋਂ ਪਲਵਲ ਅਤੇ ਪਲਵਲ ਤੋਂ ਗਾਜ਼ੀਪੁਰ ਤੱਕ ਕੀਤਾ ਗਿਆ ਅਤੇ ਇਸ ਮਾਰਚ ਵਿਚ ਬੀਬੀਆਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨਾ ਮੰਨੀ ਤਾਂ 26 ਜਨਵਰੀ ਨੂੰ ਵੀ ਟਰੈਕਟਰ ਪਰੇਡ ਹੋਵੇਗੀ ਅਤੇ ਇਹ ਟਰੈਕਟਰ ਮਾਰਚ ਤਾਂ ਇਕ ਰਿਹਰਸਲ ਹੀ ਸੀ। ਅੱਜ ਟਿਕਰੀ ਬਾਰਡਰ ਤੋਂ ਹਜ਼ਾਰਾਂ ਟਰੈਕਟਰਾਂ ਦਾ ਕਾਫ਼ਲਾ ਸਿੰਘੂ ਬਾਰਡਰ ਜਾਣ ਲਈ ਰਵਾਨਾ ਹੋਇਆ, ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾ ਆਗੂਆਂ ਗੁਰਦੀਪ ਸਿੰਘ ਰਾਮਪੁਰਾ ਅਤੇ ਮਨਜੀਤ ਸਿੰਘ ਧਨੇਰ ਨੇ ਕੀਤੀ। ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ 26 ਜਨਵਰੀ ਦੀ ਗਣਤੰਤਰ ਪਰੇਡ ਦੇ ਬਰਾਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਇਸੇ ਦਿਨ ਦੀ ਪ੍ਰਸਤਾਵਿਤ ਟਰੈਕਟਰ ਪਰੇਡ ਦੀ ਤਿਆਰੀ ਲਈ ਇਹ ਰਿਹਰਸਲ ਪਰੇਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਤੇ ਉਹ ਕਿਸੇ ਵੀ ਸੂਰਤ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਬਾਕੀ ਮੰਗਾਂ ਦੀ ਪੂਰਤੀ ਤੋਂ ਪਹਿਲਾਂ ਵਾਪਸ ਜਾਣ ਲਈ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ 8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਦੇ ਮੰਤਰੀਆਂ ਨਾਲ ਫਿਰ ਮੀਟਿੰਗ ਹੋਣੀ ਹੈ। ਸਰਕਾਰ ਦੇ ਮੰਤਰੀਆਂ ਦੀਆਂ ਪਹਿਲਾਂ ਜਿੰਨੀਆਂ ਵੀ ਮੀਟਿੰਗਾਂ ਕਿਸਾਨਾਂ ਨਾਲ ਹੋਈਆਂ ਹਨ, ਉਹ ਸਾਰੀਆਂ ਬੇਸਿੱਟਾ ਹੀ ਰਹੀਆਂ ਹਨ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …