Home / ਦੁਨੀਆ / ਨਵਤੇਜ ਸਰਨਾ ਨੇ ਟਰੰਪ ਦੀ ਅਫਗਾਨ ਨੀਤੀ ਦਾ ਕੀਤਾ ਸਵਾਗਤ

ਨਵਤੇਜ ਸਰਨਾ ਨੇ ਟਰੰਪ ਦੀ ਅਫਗਾਨ ਨੀਤੀ ਦਾ ਕੀਤਾ ਸਵਾਗਤ

ਕਿਹਾ, ਅਮਰੀਕਾ ਦੀਆਂ ਚਿੰਤਾਵਾਂ ਨਾਲ ਭਾਰਤ ਸਹਿਮਤ
ਵਾਸ਼ਿੰਗਟਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਫ਼ਗ਼ਾਨਿਸਤਾਨ ਅਤੇ ਦੱਖਣੀ ਏਸ਼ੀਆ ਬਾਰੇ ਨੀਤੀ ਦਾ ਸਵਾਗਤ ਕਰਦਿਆਂ ਅਮਰੀਕਾ ਵਿਚ ਭਾਰਤੀ ਸਫੀਰ ਨਵਤੇਜ ਸਰਨਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਸੁਰੱਖਿਅਤ ਸ਼ਰਨ ਦਿੱਤੇ ਜਾਣ ਸਬੰਧੀ ਅਮਰੀਕਾ ਦੀਆਂ ਚਿੰਤਾਵਾਂ ਨਾਲ ਭਾਰਤ ਸਹਿਮਤ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਟਰੰਪ ਨੇ ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਫ਼ੌਜੀਆਂ ਨੂੰ ਮਾਰ ਰਹੀਆਂ ਅੱਤਵਾਦੀ ਜਥੇਬੰਦੀਆਂ ਨੂੰ ਸ਼ਰਨ ਦੇਣ ਲਈ ਪਾਕਿਸਤਾਨ ‘ਤੇ ਹੱਲਾ ਬੋਲਿਆ ਸੀ। ਉਨ੍ਹਾਂ ਨੇ ਪਾਕਿਸਤਾਨ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਅੱਤਵਾਦੀਆਂ ਨੂੰ ਪਾਲਣ ਬਦਲੇ ਉਸ ਨੂੰ ‘ਬਹੁਤ ਕੁੱਝ ਗਵਾਉਣਾ’ ਪਵੇਗਾ।ਭਾਰਤੀ ਅੰਬੈਸਡਰ ਨਵਤੇਜ ਸਰਨਾ ਨੇ ਕਿਹਾ, ‘ਅਸੀਂ ਨਵੀਂ ਅਫ਼ਗਾਨ ਨੀਤੀ ਦਾ ਸਵਾਗਤ ਕਰਦੇ ਹਾਂ ਕਿਉਂਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਾਏ ਜਾਣ ਬਾਰੇ ਅਮਰੀਕਾ ਦੀਆਂ ਚਿੰਤਾਵਾਂ ਨਾਲ ਸਹਿਮਤ ਹਾਂ। ਉਥੋਂ ਚੱਲਦੇ ਸਰਹੱਦ ਪਾਰ ਅਪਰੇਸ਼ਨਾਂ ਤੋਂ ਅਸੀਂ ਉਵੇਂ ਹੀ ਚਿੰਤਤ ਹਾਂ ਜਿਵੇਂ ਅਫ਼ਗਾਨਿਸਤਾਨ ਦਾ ਆਵਾਮ ਫਿਕਰਮੰਦ ਹੈ। ਇਸ ਲਈ ਅਸੀਂ ਟਰੰਪ ਪ੍ਰਸ਼ਾਸਨ ਵੱਲੋਂ ਐਲਾਨੀਆਂ ਨੀਤੀਆਂ ਨਾਲ ਸਹਿਮਤ ਹਾਂ।’
ਹਵਾਈ ਆਧਾਰਤ ਅਮਰੀਕੀ ਥਿੰਕ ਟੈਂਕ ਈਸਟ ਵੈਸਟ ਸੈਂਟਰ ਵਿੱਚ ਸੰਬੋਧਨ ਕਰਦਿਆਂ ਸਰਨਾ ਨੇ ਕਿਹਾ ਕਿ ਅੱਤਵਾਦ ਬਾਰੇ ਭਾਰਤ ਤੇ ਅਮਰੀਕਾ ਦੇ ਮਜ਼ਬੂਤ ਸਾਂਝੇ ਵਿਚਾਰ ਹਨ, ਜੋ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਪਣੀ ਸਰਜ਼ਮੀਨ ਜਾਂ ਉਸ ਦੇ ਅਧੀਨ ਇਲਾਕੇ ਨੂੰ ਅੱਤਵਾਦ ਨੂੰ ਭੜਕਾਉਣ ਲਈ ਨਹੀਂ ਵਰਤਣਾ ਚਾਹੀਦਾ। ਸਰਨਾ ਨੇ ਤੁਲਸੀ ਗਬਾਰਡ, ਜੋ 2013 ਵਿੱਚ ਅਮਰੀਕਾ ਦੀ ਨੁਮਾਇੰਦਾ ਸਦਨ ਲਈ ਚੁਣੀ ਗਈ ਪਹਿਲੀ ਹਿੰਦੂ ਸੀ, ਨਾਲ ਵੀ ਮੁਲਾਕਾਤ ਕੀਤੀ।

 

Check Also

ਡੋਨਾਲਡ ਟਰੰਪ ਨੇ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਦਿੱਤਾ ਝਟਕਾ

ਐੱਚ-1ਬੀ ਵੀਜ਼ੇ ‘ਤੇ ਕੰਮ ਕਰਨ ਵਾਲਿਆਂ ਉਪਰ ਲੱਗੀ ਰੋਕ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿੱਚ ਨੌਕਰੀ …