
ਭਾਰਤ ਨੇ ਪ੍ਰਗਟਾਇਆ ਇਤਰਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਇਕ ਵੱਖਰੇ ਟਰੱਸਟ ਨੂੰ ਸੌਂਪ ਦਿੱਤਾ ਹੈ। ਪਾਕਿ ਦੇ ਇਸ ਫੈਸਲੇ ਦਾ ਭਾਰਤ ਵਲੋਂ ਸਖਤ ਵਿਰੋਧ ਕੀਤਾ ਗਿਆ ਹੈ ਅਤੇ ਇਸ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਦੱਸਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਭਾਰਤ ਨੂੰ ਭੇਜੇ ਪੱਤਰ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰਦੁਆਰਾ ਪ੍ਰਬੰਧਨ ਅਤੇ ਦੇਖਭਾਲ ਦਾ ਕੰਮ ਲੈ ਕੇ ਇਕ ਗੈਰ ਸਰਕਾਰੀ ਸੰਸਥਾ ‘ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ’ ਨੂੰ ਸੌਂਪਣ ‘ਤੇ ਚਿੰਤਾ ਪ੍ਰਗਟਾਈ ਹੈ। ਇਸੇ ਦੌਰਾਨ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਮਰਾਨ ਸਰਕਾਰ ਆਪਣੇ ਇਸ ਫੈਸਲੇ ‘ਤੇ ਮੁੜ ਗੌਰ ਕਰੇ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਵਿਅਕਤੀਆਂ ਨੂੰ ਹੀ ਪਤਾ ਹੁੰਦਾ ਹੈ ਕਿ ਮਰਿਆਦਾ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਹੈ ਅਤੇ ਇਸ ਕਰਕੇ ਇਹ ਜ਼ਿੰਮੇਵਾਰੀ ਸਿੱਖਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ।