ਪ੍ਰਧਾਨ ਮੰਤਰੀ ਮੋਦੀ ਨੇ ਕਿਹਾ : ਅਜਿਹੇ ਨਿੰਦਣਯੋਗ ਕੰਮਾਂ ਲਈ ਸਮਾਜ ’ਚ ਕੋਈ ਥਾਂ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਚੀਫ ਜਸਟਿਸ ਬੀ.ਆਰ. ਗਵੱਈ ’ਤੇ ਲੰਘੇ ਕੱਲ੍ਹ ਸੋਮਵਾਰ ਨੂੰ ਇਕ ਵਕੀਲ ਨੇ ਗੁੱਸੇ ਵਿਚ ਆ ਕੇ ਜੁੱਤਾ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਚੀਫ ਜਸਟਿਸ ਨੇ ਸ਼ਾਂਤੀ ਬਣਾਈ ਰੱਖੀ ਅਤੇ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਨਾਲ ਕੋਈ ਫਰਕ ਨਹੀਂ ਪੈਂਦਾ। ਜੁੱਤਾ ਸੁੱਟਣ ਵਾਲੇ ਰਾਕੇਸ਼ ਕਿਸ਼ੋਰ ਕੁਮਾਰ ਨਾਮ ਦੇ ਵਕੀਲ ਨੇ ਹੁਣ ਆਪਣੀ ਗੱਲ ਵੀ ਰੱਖੀ ਹੈ। ਉਸਨੇ ਕਿਹਾ ਕਿ ਚੀਫ ਜਸਟਿਸ ਵਲੋਂ ਭਗਵਾਨ ਵਿਸ਼ਨੂੰ ਪ੍ਰਤੀ ਦਿੱਤੇ ਬਿਆਨ ਕਰਕੇ ਮੈਂ ਗੁੱਸੇ ਵਿਚ ਸੀ। ਉਸ ਵਕੀਲ ਨੇ ਇਹ ਵੀ ਕਿਹਾ ਕਿ ਮੈਨੂੰ ਆਪਣੀ ਕੀਤੀ ’ਤੇ ਕੋਈ ਵੀ ਅਫਸੋਸ ਨਹੀਂ ਹੈ ਅਤੇ ਨਾ ਹੀ ਕਿਸੇ ਦਾ ਡਰ ਹੈ। ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਚੀਫ ਜਸਟਿਸ ਵਲੋਂ ਦਿਖਾਏ ਗਏ ਸੰਜਮ ਦੀ ਵੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਮਾਜ ਵਿਚ ਅਜਿਹੇ ਨਿੰਦਣਯੋਗ ਕੰਮਾਂ ਲਈ ਕੋਈ ਥਾਂ ਨਹੀਂ ਹੈ। ਇਸਦੇ ਚੱਲਦਿਆਂ ਹੋਰ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵਲੋਂ ਵੀ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ।