Breaking News
Home / ਭਾਰਤ / ਗੁਰਦੁਆਰਾ ਬੰਗਲਾ ਸਾਹਿਬ ਵਿੱਚ ‘ਦਸਤਾਰ ਬੈਂਕ’ ਸ਼ੁਰੂ

ਗੁਰਦੁਆਰਾ ਬੰਗਲਾ ਸਾਹਿਬ ਵਿੱਚ ‘ਦਸਤਾਰ ਬੈਂਕ’ ਸ਼ੁਰੂ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਧਾਨੀ ਦੇ ਸਿੱਖ ਬੱਚਿਆਂ ਅਤੇ ਲੋੜਵੰਦਾਂ ਨੂੰ ਸਿੱਖ ਪਰੰਪਰਾ ਅਨੁਸਾਰ ਪਗੜੀ ਸਜਾਉਣ ਲਈ ਪ੍ਰੇਰਿਤ ਕਰਨ ਵਾਸਤੇ ਦਿੱਲੀ ਵਿੱਚ ‘ਦਸਤਾਰ ਬੈਂਕ’ ਦੀ ਵਿਲੱਖਣ ਯੋਜਨਾ ਸ਼ੁਰੂ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਿਵੇਕਲਾ ਉਪਰਾਲਾ ਦਾਨ ਕੀਤੀਆਂ ਗਈਆਂ ‘ਦਸਤਾਰਾਂ’ ਨਾਲ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ 2 ਨਵੰਬਰ ਤੋਂ ਗੁਰਦੁਆਰਾ ਬੰਗਲਾ ਸਾਹਿਬ ‘ਚ ਰਾਜਧਾਨੀ ਦਿੱਲੀ ਦਾ ਪਹਿਲਾ ਦਸਤਾਰ ਬੈਂਕ ਸਥਾਪਤ ਕੀਤਾ ਗਿਆ ਹੈ। ਸਿੱਖ ਨੌਜਵਾਨ ਸਿਰਫ 50 ਰੁਪਏ ਦੀ ਮਾਮੂਲੀ ਕੀਮਤ ‘ਤੇ ਆਕਰਸ਼ਕ ਦਸਤਾਰ ਸਜਾ ਸਕਦੇ ਹਨ। ‘ਦਸਤਾਰ ਬੈਂਕ’ ਨੂੰ ਇਕ ਹਜ਼ਾਰ ਦਸਤਾਰਾਂ ਦਾਨ ‘ਚ ਮਿਲੀਆਂ ਹਨ ਜਿਨ੍ਹਾਂ ‘ਚੋਂ 500 ਦਸਤਾਰਾਂ ਕੁਝ ਦਿਨਾਂ ਦੇ ਅੰਦਰ ਹੀ ਵੰਡੀਆਂ ਜਾ ਚੁੱਕੀਆਂ ਹਨ। ਕਮੇਟੀ ਨੇ ਹਰ ਦਾਨ ਕੀਤੀ ਗਈ ਦਸਤਾਰ ਨੂੰ ਆਪਣੇ ਖ਼ਰਚੇ ‘ਤੇ ਰੰਗਿਆ ਹੈ ਅਤੇ ਕਮੇਟੀ ਚਾਰ ਮੀਟਰ ਤੋਂ ਸੱਤ ਮੀਟਰ ਤੱਕ ਦੀਆਂ ਵੱਖ ਵੱਖ ਡਿਜ਼ਾਈਨ ਦੀਆਂ ਲੰਬੀਆਂ ਦਸਤਾਰਾਂ ਪ੍ਰਦਾਨ ਕਰਦੀ ਹੈ। ਕਮੇਟੀ ਨੇ ਸਿੱਖ ਨੌਜਵਾਨਾਂ ਨੂੰ ਦਸਤਾਰ ਬੰਨ੍ਹਣ ਦੀ ਕਲਾ ਸਿਖਾਉਣ ਲਈ ਦੋ ਸਿੱਖ ਬੁੱਧੀਜੀਵੀਆਂ ਦੀਆਂ ਸੇਵਾਵਾਂ ਲਈਆਂ ਹਨ, ਜੋ ਨਵੀਂ ਪੀੜ੍ਹੀ ਨੂੰ ਸਬਰ ਅਤੇ ਗਿਆਨ ਪ੍ਰਦਾਨ ਕਰਨਗੇ ਕਿ ਕਿਵੇਂ ਸਿੱਖ ਪਰੰਪਰਾ ਅਨੁਸਾਰ ਦਸਤਾਰ ਸਜਾਉਣੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਛੇ ਮੀਟਰ ਦੀ ਨਵੀਂ ਦਸਤਾਰ 600 ਰੁਪਏ ਦੀ ਆਉਂਦੀ ਹੈ ਪਰ ਬੱਚਿਆਂ ਨੂੰ ਇਹ 50 ਰੁਪਏ ‘ਚ ਦਿੱਤੀ ਜਾਂਦੀ ਹੈ ਤਾਂ ਜੋ ਉਹ ਸਿੱਖੀ ਨੂੰ ਅਪਣਾ ਸਕਣ। ਉਨ੍ਹਾਂ ਕਿਹਾ ਕਿ ‘ਦਸਤਾਰ ਬੈਂਕ’ ਦਾ ਲਾਹਾ ਲੈਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ‘ਪਿਛਲੇ ਤਿੰਨ ਹਫ਼ਤਿਆਂ ‘ਚ ਜਿਹੋ ਜਿਹਾ ਹੁੰਗਾਰਾ ਮਿਲਿਆ ਹੈ, ਉਸ ਕਰਕੇ ਦਿੱਲੀ ਅਤੇ ਐੱਨਸੀਆਰ ਦੇ ਹੋਰ ਇਲਾਕਿਆਂ ‘ਚ ਅਜਿਹੇ ਦਸਤਾਰ ਬੈਂਕ ਖੋਲ੍ਹੇ ਜਾਣਗੇ।’ ਉਨ੍ਹਾਂ ਕਿਹਾ ਕਿ ਦਸਤਾਰ ਮਾਣ, ਆਸਥਾ, ਸਾਹਸ, ਆਤਮ ਸਨਮਾਨ, ਰੂਹਾਨੀਅਤ ਨੂੰ ਦਰਸਾਉਂਦੀ ਹੈ ਅਤੇ ਇਹ ਸਿੱਖ ਧਰਮ ਦਾ ਅਨਿਖੜਵਾਂ ਹਿੱਸਾ ਹੈ। ਕਮੇਟੀ ਨੇ ਆਪਣੇ ਅਧੀਨ ਆਉਂਦੇ ਸਾਰੇ 10 ਇਤਿਹਾਸਕ ਗੁਰਦੁਆਰਿਆਂ ‘ਚ ਅਜਿਹੇ ‘ਦਸਤਾਰ ਬੈਂਕ’ ਖੋਲ੍ਹਣ ਦੀ ਯੋਜਨਾ ਉਲੀਕੀ ਹੈ। ਕਮੇਟੀ ਸਿੰਘ ਸਭਾਵਾਂ ਅਤੇ ਹੋਰ ਸਿੱਖ ਅਦਾਰਿਆਂ ਨੂੰ ਵੀ ਇਸ ਪਹਿਲ ‘ਚ ਸਹਿਯੋਗ ਦੇਵੇਗੀ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …