ਲਗਜ਼ਰੀ ਕਮਰਿਆਂ ਵਿਚ ਰਹਿਣ ਵਾਲੇ ਵਿਅਕਤੀਆਂ ਕੋਲੋਂ ਇਕ ਦਿਨ ਦਾ ਸਵਾ ਲੱਖ ਰੁਪਏ ਤੱਕ ਲਿਆ ਜਾਂਦਾ ਸੀ ਕਿਰਾਇਆ
ਸਿਰਸਾ/ਬਿਊਰੋ ਨਿਊਜ਼
ਡੇਰਾ ਸਿਰਸਾ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਸੀ। ਇਸ ਦਾ ਖ਼ੁਲਾਸਾ ਡੇਰੇ ਨਾਲ ਸਬੰਧਤ ਨਸ਼ਰ ਹੋਈਆਂ ਤਸਵੀਰਾਂ ਤੋਂ ਹੋਇਆ ਹੈ। ਡੇਰੇ ਵਿੱਚ ਸਮੁੰਦਰੀ ਜਹਾਜ਼ ਦੀ ਸ਼ਕਲ ਵਾਲਾ ਇੱਕ ਰਿਜ਼ੋਰਟ ਬਣਿਆ ਹੋਇਆ ਹੈ, ਜਿਸ ਦੇ ਲਗਜ਼ਰੀ ਕਮਰਿਆਂ ਵਿੱਚ ਰਹਿਣ ਵਾਲੇ ਵਿਅਕਤੀਆਂ ਤੋਂ ਚਾਰ ਹਜ਼ਾਰ ਤੋਂ ਸਵਾ ਲੱਖ ਰੁਪਏ ਤੱਕ ਦਾ ਇੱਕ ਦਿਨ ਦਾ ਕਿਰਾਇਆ ਵਸੂਲਿਆ ਜਾਂਦਾ ਸੀ।
ਜਾਣਕਾਰੀ ਅਨੁਸਾਰ ਇਸ ਰਿਜ਼ੋਰਟ ਦੀ ਪਹਿਲੀ ਮੰਜ਼ਿਲ ‘ਤੇ ਇੱਕ ਕਾਰਪੋਰੇਟ ਕਾਨਫਰੰਸ ਹਾਲ ਹੈ, ਜਿਸ ਵਿੱਚ ਹਨੀਪ੍ਰੀਤ ਤੇ ਵਿਪਸ਼ਨਾ ਮੀਟਿੰਗਾਂ ਕਰਦੀਆਂ ਸਨ। ਦੂਜੀ ਮੰਜ਼ਿਲ ‘ਤੇ ਚਾਰ ਕਮਰੇ, ਡੇਰੇ ਦੀ ਲਾਇਬ੍ਰੇਰੀ, ਕੌਫੀ ਹਾਊਸ ਬਣਿਆ ਹੋਇਆ ਹੈ। ਸਭ ਤੋਂ ਉੱਪਰਲੀ ਮੰਜ਼ਿਲ ‘ਤੇ ਸਵਿਮਿੰਗ ਪੂਲ ਬਣਿਆ ਹੋਇਆ ਹੈ। ਇੱਥੇ ਕਮਰਿਆਂ ਵਿੱਚ ਰਹਿਣ ਵਾਲੇ ਵਿਅਕਤੀਆਂ ਤੋਂ ਘੰਟੇ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਸਨ।