ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਵਿਚ ਸ਼ੁਰੂ ਹੋਏ 9ਵੇਂ ਬ੍ਰਿਕਸ ਸੰਮਲੇਨ ਦੌਰਾਨ ਭਾਰਤ ਨੂੰ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਗੱਲ ਮਨਵਾਉਣ ਵਿਚ ਸਫਲ ਰਹੇ ਹਨ। ਇਸ ਸਮਾਗਮ ਵਿਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਹੱਕਾਨੀ ਨੈੱਟਵਰਕ, ਜੈਸ਼-ਏ-ਮੁਹੰਮਦ ਵੱਲੋਂ ਕੀਤੀ ਜਾ ਰਹੀ ਹਿੰਸਾ ਦੀ ਨਿੰਦਾ ਕੀਤੀ ਗਈ ਹੈ। ਇਸ ਨਾਲ ਪਾਕਿਸਤਾਨ ਨੂੰ ਝੱਟਕਾ ਲੱਗ ਸਕਦਾ ਹੈ ਕਿਉਂਕਿ ਇਹ ਸਾਰੇ ਅੱਤਵਾਦੀ ਸੰਗਠਨ ਪਾਕਿਸਤਾਨ ਨਾਲ ਹੀ ਸਬੰਧਤ ਹਨ। ਵਿਦੇਸ਼ ਮੰਤਰਾਲਾ ਦੀ ਸਕੱਤਰ ਪ੍ਰੀਤੀ ਸਰਨ ਨੇ ਦੱਸਿਆ ਕਿ ਅੱਤਵਾਦ ਖਿਲਾਫ ਇਸ ਵਾਰ ਸਿਰਫ ਪ੍ਰਧਾਨ ਮੰਤਰੀ ਮੋਦੀ ਨੇ ਹੀ ਨਹੀਂ ਸਗੋਂ ਸਾਰੇ ਬ੍ਰਿਕਸ ਦੇਸ਼ਾਂ ਨੇ ਆਵਾਜ਼ ਉਠਾਈ ਹੈ । ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਅੱਤਵਾਦੀ ਸੰਗਠਨਾਂ ਦੇ ਨਾਮਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ।