ਕਾਂਗਰਸੀ ਆਗੂ ਪਿ੍ਰਅੰਕਾ ਗਾਂਧੀ ਵਾਡਰਾ ਮੁਸ਼ਕਿਲਾਂ ’ਚ ਘਿਰੀ
ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਨੇ ਚਾਰਜਸ਼ੀਟ ’ਚ ਪਿ੍ਰਅੰਕਾ ਗਾਂਧੀ ਦਾ ਨਾਮ ਕੀਤਾ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ :
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਚਾਰਜਸ਼ੀਟ ’ਚ ਪਹਿਲੀ ਵਾਰ ਕਾਂਗਰਸੀ ਆਗੂ ਪਿ੍ਰਅੰਕਾ ਗਾਂਧੀ ਵਾਡਰਾ ਦਾ ਨਾਮ ਆਇਆ ਹੈ, ਜਿਸ ਤੋਂ ਬਾਅਦ ਪਿ੍ਰਅੰਕਾ ਗਾਂਧੀ ਮੁਸ਼ਕਿਲ ’ਚ ਘਿਰੀ ਹੋਈ ਨਜ਼ਰ ਆ ਰਹੀ ਹੈ। ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਮਾਮਲੇ ’ਚ ਪਿ੍ਰਅੰਕਾ ਗਾਂਧੀ ਦਾ ਨਾਮ ਚਾਰਜਸ਼ੀਟ ਵਿਚ ਸ਼ਾਮਲ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਿ੍ਰਅੰਕਾ ਗਾਂਧੀ ਨੇ 2006 ’ਚ ਹਰਿਆਣਾ ਦੇ ਫਰੀਦਾਬਾਦ ’ਚ 5 ਏਕੜ ਜ਼ਮੀਨ ਖਰੀਦੀ ਸੀ। ਪਿ੍ਰਅੰਕਾ ਨੇ ਇਹ ਜ਼ਮੀਨ ਦਿੱਲੀ ਦੇ ਰਿਅਲ ਅਸਟੇਟ ਏਜੰਟ ਐਚ ਐਲ ਪਾਹਵਾ ਤੋਂ ਖਰੀਦੀ ਸੀ ਅਤੇ ਫਰਵਰੀ 2010 ’ਚ ਇਹੀ ਜ਼ਮੀਨ ਨੂੰ ਪਾਹਵਾ ਨੂੰ ਹੀ ਮੁੜ ਵੇਚ ਦਿੱਤੀ ਗਈ। ਈਡੀ ਅਨੁਸਾਰ ਜਿਸ ਏਜੰਟ ਕੋਲੋਂ ਪਿ੍ਰਅੰਕਾ ਗਾਂਧੀ ਨੇ ਜ਼ਮੀਨ ਖਰੀਦੀ ਸੀ ਉਸੇ ਏਜੰਟ ਤੋਂ ਉਨ੍ਹਾਂ ਪਤੀ ਰਾਬਰਟ ਵਾਡਰਾ ਨੇ ਵੀ 2005-2006 ’ਚ 40 ਏਕੜ ਜ਼ਮੀਨ ਦੇ ਤਿੰਨ ਟੁਕੜੇ ਖਰੀਦੇ ਸਨ ਅਤੇ 2010 ’ਚ ਇਹੀ ਜ਼ਮੀਨ ਉਸੇ ਏਜੰਟ ਨੂੰ ਵੇਚ ਦਿੱਤੀ ਗਈ। ਏਜੰਟ ਪਾਹਵਾ ਨੇ ਐਨ ਆਰ ਆਈ ਕਾਰੋਬਾਰੀ ਸੀਸੀ ਥੰਮੀ ਨੂੰ ਵੀ ਜ਼ਮੀਨ ਵੇਚੀ ਸੀ ਅਤੇ ਇਸ ਮਾਮਲੇ ’ਚ ਭਗੌੜਾ ਹਥਿਆਰ ਡੀਲਰ ਸੰਜੇ ਭੰਡਾਰੀ ਵੀ ਸ਼ਾਮਲ ਹੈ। ਭੰਡਾਰੀ 2016 ’ਚ ਬਿ੍ਰਟੇਨ ਭੱਜ ਗਿਆ ਸੀ ਅਤੇ ਥੰਪੀ ’ਤੇ ਬਿ੍ਰਟਿਸ਼ ਨਾਗਰਿਕ ਸੁਮਿਤ ਚੱਢਾ ਨਾਲ ਮਿਲ ਕੇ ਭੰਡਾਰੀ ਦੀ ਅਪਰਾਧ ਦੀ ਕਮਾਈ ਨੂੰ ਛੁਪਾਉਣ ਦਾ ਆਰੋਪ ਹੈ।