ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਅਤੇ 20 ਗ੍ਰਾਮ ਦੇ 1200 ਸਿੱਕੇ ਤਿਆਰ ਕੀਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਜਾਰੀ ਕੀਤਾ ਗਿਆ ਹੈ।
ਸਿੱਕਾ ਜਾਰੀ ਕਰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਕੀਤੇ ਗਏ, ਇਸ ਸਿੱਕੇ ‘ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਤੇ ਸ਼ਹੀਦੀ ਅਸਥਾਨ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਸਿੱਕੇ 10 ਤੇ 20 ਗ੍ਰਾਮ ਦੋ ਕਿਸਮ ਦੇ ਤਿਆਰ ਕੀਤੇ ਗਏ ਹਨ ਤੇ ਪਹਿਲਾਂ 1200 ਸਿੱਕੇ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 10 ਗ੍ਰਾਮ ਦੇ ਸਿੱਕੇ ਦੀ ਭੇਟਾ 1100 ਰੁਪਏ ਤੇ 20 ਗ੍ਰਾਮ ਦੇ ਸਿੱਕੇ ਦੀ ਭੇਟਾ 2100 ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਿੱਕਾ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਉਪਲੱਬਧ ਹੋਵੇਗਾ ਤੇ ਇਸ ਬਾਰੇ ਵਿਸ਼ੇਸ਼ ਬੈਨਰ ਲਗਾ ਕੇ ਇਸ ਦੇ ਉਪਲੱਬਧ ਹੋਣ ਦੀ ਸੂਚਨਾ ਦਿੱਤੀ ਜਾਵੇਗੀ। ਸਿਰਸਾ ਨੇ ਕਿਹਾ ਕਿ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਚੋਣਾਂ ਆ ਗਈਆਂ ਹਨ, ਪਰ ਸਾਡੇ ਲਈ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਅਹਿਮੀਅਤ ਕਿਤੇ ਜ਼ਿਆਦਾ ਹੈ।
ਅਸੀਂ ਇਹ ਪ੍ਰਕਾਸ਼ ਪੁਰਬ-ਪੁਰਬ ਦੇਸ਼ ਵਿਦੇਸ਼ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਵਾਂਗੇ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਸੰਦੇਸ਼ ਦਾ ਮੈਟਰੋ ਤੇ ਹਵਾਈ ਜਹਾਜ਼ਾਂ ਵਿੱਚ ਵੀ ਪ੍ਰਚਾਰ ਹੋਵੇਗਾ ਤੇ ਏਅਰਪੋਰਟ ਸਮੇਤ ਹਰ ਅਹਿਮ ਜਨਤਕ ਥਾਂ ‘ਤੇ ਗੁਰੂ ਸਾਹਿਬ ਦੇ ਸੰਦੇਸ਼ ਦੇ ਪ੍ਰਚਾਰ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੁੱਖ ਸਮਾਗਮ 1 ਮਈ ਨੂੰ ਹੀ ਹੋਣਗੇ ਪਰ ਪ੍ਰਕਾਸ਼ ਪੁਰਬ ਨਾਲ ਸਬੰਧਤ ਬਹੁਤ ਸਾਰੇ ਸਮਾਗਮ ਲਗਾਤਾਰ ਜਾਰੀ ਰਹਿਣਗੇ।