Breaking News
Home / ਭਾਰਤ / ਭਾਰਤ ‘ਚ ਸ਼ਰਾਬਖੋਰੀ 2005 ਦੇ ਮੁਕਾਬਲੇ ਹੋਈ ਦੁੱਗਣੀ

ਭਾਰਤ ‘ਚ ਸ਼ਰਾਬਖੋਰੀ 2005 ਦੇ ਮੁਕਾਬਲੇ ਹੋਈ ਦੁੱਗਣੀ

ਮੌਜੂਦਾ ਸਮੇਂ ‘ਚ ਕਰੀਬ 2.3 ਅਰਬ ਲੋਕ ਪੀਂਦੇ ਹਨ ਸ਼ਰਾਬ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਲਮੀ ਸਿਹਤ ਅਦਾਰੇ ਦੀ ਇਕ ਰਿਪੋਰਟ ਅਨੁਸਾਰ 2016 ਵਿੱਚ ਭਾਰਤ ਵਿੱਚ ਪ੍ਰਤੀ ਜੀਅ ਸ਼ਰਾਬਖੋਰੀ 2005 ਦੇ ਮੁਕਾਬਲੇ ਵਧ ਕੇ ਦੁੱਗਣੀ ਹੋ ਗਈ ਹੈ। ਇਸ ਮੁਤਾਬਕ 2005 ਵਿੱਚ ਸ਼ਰਾਬਖੋਰੀ 2.4 ਲਿਟਰ ਪ੍ਰਤੀ ਜੀਅ ਸੀ ਜੋ 2016 ਵਿੱਚ ਵਧ ਕੇ ਪ੍ਰਤੀ ਜੀਅ 5.7 ਲਿਟਰ ਹੋ ਗਈ ਸੀ। ਇਸ ਵਿੱਚ ਮਰਦਾਂ ਵਿਚ 4.2 ਲਿਟਰ ਤੇ ਔਰਤਾਂ ਦਾ ਹਿੱਸਾ 1.5 ਲਿਟਰ ਹੈ।
ਰਿਪੋਰਟ ਵਿੱਚ ਇਹ ਗੱਲ ਉਭਾਰੀ ਗਈ ਹੈ ਕਿ ਪ੍ਰਤੀ ਜੀਅ ਸ਼ਰਾਬਖੋਰੀ (15+ਸਾਲ) ਡਬਲਯੂਐਚਓ ਦੇ ਖਿੱਤਿਆਂ ਵਿੱਚੋਂ ਅੱਧਿਆਂ ਵਿੱਚ ਵਧਣ ਦੀ ਉਮੀਦ ਹੈ ਅਤੇ ਸਭ ਤੋਂ ਵੱਧ ਵਾਧੇ ਦੀ ਉਮੀਦ ਦੱਖਣ-ਪੂਰਬੀ ਏਸ਼ੀਆ ਖੇਤਰ ਵਿੱਚ ਹੋਣ ਦੀ ਉਮੀਦ ਹੈ। ਇਕੱਲੇ ਭਾਰਤ ਵਿੱਚ ਇਹ ਵਾਧਾ 2.2 ਲਿਟਰ ਹੋਣ ਦੀ ਆਸ ਹੈ ਜਿੱਥੇ ਇਸ ਖੇਤਰ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਵਸਦਾ ਹੈ। ਉਂਜ, ਇੰਡੋਨੇਸ਼ੀਆ ਤੇ ਥਾਈਲੈਂਡ ਜਿਹੇ ਮੁਲਕਾਂ ਵਿੱਚ ਵੀ ਥੋੜ੍ਹੇ ਵਾਧੇ ਦੀ ਉਮੀਦ ਹੈ।
ਦੂਜਾ ਸਭ ਤੋਂ ਵੱਡਾ ਵਾਧਾ ਪੱਛਮੀ ਪ੍ਰਸ਼ਾਂਤ ਖਿੱਤੇ ਵਿੱਚ ਹੋਣ ਦੀ ਉਮੀਦ ਹੈ ਜਿਸ ਵਿੱਚ ਸਭ ਤੋਂ ਵੱਡਾ ਮੁਲਕ ਚੀਨ ਆਉਂਦਾ ਹੈ। ਚੀਨ ਵਿੱਚ 2025 ਤੱਕ ਸ਼ਰਾਬ ਦੀ ਪ੍ਰਤੀ ਜੀਅ ਖਪਤ ਵਿੱਚ 0.9 ਫ਼ੀਸਦ ਵਾਧਾ ਹੁੰਦਾ ਦਰਸਾਇਆ ਗਿਆ ਹੈ। ਸ਼ਰਾਬਖੋਰੀ ਕਾਰਨ 2016 ਵਿੱਚ ਦੁਨੀਆ ਭਰ ਵਿੱਚ 30 ਲੱਖ ਮੌਤਾਂ ਹੋਈਆਂ ਸਨ ਜੋ ਕੁੱਲ ਮੌਤਾਂ ਦਾ 5.3 ਫ਼ੀਸਦ ਹਿੱਸਾ ਬਣਦਾ ਹੈ। ਸ਼ਰਾਬਖੋਰੀ ਕਰ ਕੇ ਹੋਣ ਵਾਲੀਆਂ ਮੌਤਾਂ ਦੀ ਦਰ ਤਪਦਿਕ, ਐਚਆਈਵੀ ਏਡਸ ਤੇ ਸ਼ੂਗਰ ਜਿਹੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਹੈ ਤੇ ਸ਼ਰਾਬਖੋਰੀ ਕਾਰਨ ਹੁੰਦੇ ਨਕਾਰਾਪਣ ਕਰ ਕੇ 13.26 ਕਰੋੜ ਜੀਵਨ ਸਾਲਾਂ ਦਾ ਨੁਕਸਾਨ ਹੁੰਦਾ ਹੈ। ਰਿਪੋਰਟ ਮੁਤਾਬਕ ਮੌਜੂਦਾ ਸਮੇਂ ਕਰੀਬ 2.3 ਅਰਬ ਲੋਕ ਸ਼ਰਾਬ ਪੀਂਦੇ ਹਨ। ਆਲਮੀ ਤੌਰ ‘ਤੇ ਮੌਜੂਦਾ ਸਮੇਂ ਸ਼ਰਾਬਖੋਰਾਂ ਵਿੱਚੋਂ ਇਕ ਚੌਥਾਈ (26.5 ਫ਼ੀਸਦ) 15-19 ਸਾਲ ਦੇ ਵਿਅਕਤੀ ਹਨ। ਆਲਮੀ ਸਿਹਤ ਅਦਾਰੇ ਦੇ ਮੈਂਬਰ ਦੇਸ਼ਾਂ ਨੇ 2010 ਵਿੱਚ ਸ਼ਰਾਬਖੋਰੀ ਦੀ ਰੋਕਥਾਮ ਲਈ ਇਕ ਰਣਨੀਤੀ ਅਪਣਾਈ ਸੀ ਜਿਸ ਤਹਿਤ ਕੌਮੀ ਪੱਧਰ ‘ਤੇ ਕਾਰਵਾਈ ਕਰਨ ਦਾ ਨਿਸ਼ਚਾ ਕੀਤਾ ਗਿਆ ਸੀ।

Check Also

ਹੁਣ 17 ਅਕਤੂਬਰ ਨੂੰ ਹੋਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂ ਪਹੁੰਚਣਗੇ ਪੰਚਕੂਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ …