Breaking News
Home / ਭਾਰਤ / ਇਕ ਵਾਰ ਫਿਰ ਵਿਵਾਦਾਂ ‘ਚ ਰਾਫੇਲ ਡੀਲ

ਇਕ ਵਾਰ ਫਿਰ ਵਿਵਾਦਾਂ ‘ਚ ਰਾਫੇਲ ਡੀਲ

ਰਾਫੇਲ ਦੇ ਸੌਦੇ ‘ਚ ਭਾਰਤੀ ਵਿਚੋਲੀਏ ਨੂੰ 8.65 ਕਰੋੜ ਰੁਪਏ ਦਿੱਤੇ : ਫਰਾਂਸੀਸੀ ਮੀਡੀਆ
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਬੋਲੇ – ਇਹ ਆਰੋਪ ਕਾਰਪੋਰੇਟ ਦੁਸ਼ਮਣੀ ਦਾ ਨਤੀਜਾ ਹੋ ਸਕਦਾ ਹੈ
ਨਵੀਂ ਦਿੱਲੀ : ਭਾਰਤ-ਫਰਾਂਸ ਵਿਚਕਾਰ ਹੋਏ ਰਾਫੇਲ ਲੜਾਕੂ ਜਹਾਜ਼ ਸੌਦੇ ਵਿਚ ਇਕ ਵਾਰ ਫਿਰ ਭ੍ਰਿਸ਼ਟਾਚਾਰ ਦੇ ਆਰੋਪ ਸਾਹਮਣੇ ਆਏ ਹਨ। ਫਰਾਂਸੀਸੀ ਮੀਡੀਆ ਗਰੁੱਪ ਮੀਡੀਆਪਾਰਟ ਨੇ ਦਾਅਵਾ ਕੀਤਾ ਹੈ ਕਿ ਰਾਫੇਲ ਬਣਾਉਣ ਵਾਲੀ ਫਰਾਂਸੀਸੀ ਕੰਪਨੀ ਦਾਸੋ ਨੇ ਭਾਰਤ ਵਿਚ ਇਕ ਵਿਚੋਲੀਏ ਨੂੰ 10 ਲੱਖ ਯੂਰੋ (ਲਗਭਗ 8.65 ਕਰੋੜ ਰੁਪਏ) ਤੋਹਫੇ ਵਜੋਂ ਦਿੱਤੇ ਸਨ। ਮੀਡੀਆਪਾਰਟ ਦੇ ਮੁਤਾਬਕ 2016 ਵਿਚ ਜਦ ਭਾਰਤ-ਫਰਾਂਸ ਵਿਚਕਾਰ ਰਾਫੇਲ ਲੜਾਕੂ ਜਹਾਜ਼ ਨੂੰ ਲੈ ਕੇ ਸਮਝੌਤਾ ਹੋਇਆ, ਉਸ ਤੋਂ ਬਾਅਦ ਦਾਸੋ ਨੇ ਭਾਰਤ ਵਿਚ ਇਕ ਵਿਚੋਲੀਏ ਨੂੰ ਇਹ ਰਾਸ਼ੀ ਦਿੱਤੀ ਸੀ। ਦਾਸੋ ਗਰੁੱਪ ਦੇ ਖਾਤੇ ਵਿਚੋਂ 2017 ‘ਚ ‘ਗਿਫਟ ਟੂ ਕਲਾਈਂਟਸ’ ਦੇ ਤੌਰ ‘ਤੇ ਰਕਮ ਟਰਾਂਸਫਰ ਹੋਈ ਸੀ। ਇਸਦਾ ਖੁਲਾਸਾ ਫਰਾਂਸ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ‘ਏਐਫਏ’ ਵਲੋਂ ਦਾਸੋ ਦੇ ਖਾਤਿਆਂ ਦੇ ਆਡਿਟ ਦੌਰਾਨ ਹੋਇਆ ਹੈ। ਇਸ ਖੁਲਾਸੇ ਤੋਂ ਬਾਅਦ ਦੋਨੋਂ ਦੇਸ਼ਾਂ ‘ਚ ਰਾਫੇਲ ਸੌਦੇ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ। ਕਾਂਗਰਸ ਨੇ ਜਾਂਚ ਦੀ ਮੰਗ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਕੋਲੋਂ ਜਵਾਬ ਮੰਗਿਆ ਹੈ। ਉਥੇ, ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਭ੍ਰਿਸ਼ਟਾਚਾਰ ਦੇ ਆਰੋਪਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਵਲੋਂ ਸੌਦੇ ਦੀ ਜਾਂਚ ਦੀ ਮੰਗ ਖਾਰਜ ਹੋ ਚੁੱਕੀ ਹੈ। ਕੈਗ ਨੂੰ ਵੀ ਇਸ ਵਿਚ ਕੋਈ ਗੜਬੜੀ ਨਹੀਂ ਮਿਲੀ ਸੀ। ਵਿਰੋਧੀ ਧਿਰ ਨੇ 2019 ਲੋਕ ਸਭਾ ਚੋਣਾਂ ‘ਚ ਇਸ ਨੂੰ ਮੁੱਦਾ ਬਣਾਇਆ ਸੀ। ਆਰੋਪ ਫਰਾਂਸ ਵਿਚ ਕਾਰਪੋਰੇਟ ਦੁਸ਼ਮਣੀ ਦਾ ਨਤੀਜਾ ਹੋ ਸਕਦਾ ਹੈ। ਭਾਰਤ ਨੇ 2016 ਵਿਚ ਫਰਾਂਸ ਤੋਂ 36 ਰਾਫੇਲ ਲਾੜਕੂ ਜਹਾਜ਼ ਖਰੀਦਣ ਦਾ ਸੌਦਾ ਕੀਤਾ ਸੀ। ਇਕ ਦਰਜਨ ਜਹਾਜ਼ ਭਾਰਤ ਨੂੰ ਮਿਲ ਚੁੱਕੇ ਹਨ ਅਤੇ 2022 ਤੱਕ ਸਾਰੇ ਜਹਾਜ਼ ਮਿਲ ਜਾਣਗੇ। ਜਦੋਂ ਇਹ ਸੌਦਾ ਹੋਇਆ ਸੀ, ਉਸ ਸਮੇਂ ਵੀ ਭਾਰਤ ‘ਚ ਕਾਫੀ ਵਿਵਾਦ ਰਿਹਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ।
ਕਾਂਗਰਸ ਨੇ ਨਿਰਪੱਖ ਤੇ ਮੁਕੰਮਲ ਜਾਂਚ ਦੀ ਮੰਗ ਕੀਤੀ
ਨਵੀਂ ਦਿੱਲੀ : ਰਾਫੇਲ ਮਾਮਲੇ ਵਿਚ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਇਸ ਹਵਾਈ ਸੌਦੇ ਦੀ ਨਿਰਪੱਖ ਅਤੇ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਫਰਾਂਸ ਦੇ ਇਕ ਨਿਊਜ਼ ਪੋਰਟਲ ਨੇ ਆਪਣੇ ਨਵੇਂ ਖ਼ੁਲਾਸੇ ਨਾਲ ਰਾਹੁਲ ਗਾਂਧੀ ਦੇ ਇਨ੍ਹਾਂ ਦੋਸ਼ਾਂ ਨੂੰ ਸਾਬਿਤ ਕੀਤਾ ਹੈ ਕਿ ਰਾਫੇਲ ਸੌਦੇ ‘ਚ ਭ੍ਰਿਸ਼ਟਾਚਾਰ ਹੋਇਆ ਹੈ। ਸੁਰਜੇਵਾਲਾ ਨੇ ਕਿਹਾ ਕਿ ਫਰਾਂਸੀਸੀ ਪੋਰਟਲ ਦੀ ਰਿਪੋਰਟ ਮੁਤਾਬਕ ਫਰਾਂਸੀਸੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ (ਏਐੱਫਏ) ਨੇ ਖ਼ੁਲਾਸਾ ਕੀਤਾ ਹੈ ਕਿ 2016 ਵਿਚ ਸੌਦੇ ‘ਤੇ ਦਸਤਖ਼ਤ ਹੋਣ ਤੋਂ ਬਾਅਦ ਰਾਫੇਲ ਦੀ ਨਿਰਮਾਤਾ ਕੰਪਨੀ ਦਾਸੋ ਨੇ ਇਕ ਭਾਰਤੀ ਵਿਚੋਲੀਆ ਕੰਪਨੀ ‘ਡੇਫਸਿਸ ਸੋਲਿਊਸ਼ਨਜ਼’ ਨੂੰ 11 ਲੱਖ ਯੂਰੋ ਦਾ ਕਥਿਤ ਤੌਰ ‘ਤੇ ਭੁਗਤਾਨ ਕੀਤਾ ਸੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਸਵਾਲ ਕੀਤਾ, ”ਕੀ ਇਸ ਮਾਮਲੇ ਦੀ ਮੁਕੰਮਲ ਅਤੇ ਨਿਰਪੱਖ ਜਾਂਚ ਕਰਾਉਣ ਦੀ ਲੋੜ ਨਹੀਂ ਹੈ? ਜੇਕਰ ਰਿਸ਼ਵਤ ਅਤੇ ਕਮਿਸ਼ਨ ਦਿੱਤਾ ਗਿਆ ਹੈ ਤਾਂ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਭਾਰਤ ਸਰਕਾਰ ‘ਚ ਅੱਗੇ ਕਿਸ ਨੂੰ ਇਹ ਪੈਸਾ ਦਿੱਤਾ ਗਿਆ।” ਕਾਂਗਰਸ ਆਗੂ ਨੇ ਕਿਹਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਦੇਸ਼ ਨੂੰ ਜਵਾਬ ਦੇਣਗੇ?
ਰਾਹੁਲ ਨੇ ਰਾਫੇਲ ਮਾਮਲੇ ‘ਚ ਮੋਦੀ ਸਰਕਾਰ ਨੂੰ ਘੇਰਿਆ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਰਾਫੇਲ ਸੌਦੇ ਦੇ ਮਾਮਲੇ ‘ਚ ਨਰਿੰਦਰ ਮੋਦੀ ਸਰਕਾਰ ‘ਤੇ ਵਿਅੰਗ ਕਸਦਿਆਂ ਕਿਹਾ ਕਿ ‘ਇਕ ਵਿਅਕਤੀ ਜੋ ਵੀ ਕਰਦਾ ਹੈ ਉਹ ਉਸ ਦੇ ਕਰਮਾਂ ਦੇ ਖਾਤੇ ਵਿਚ ਜੁੜ ਜਾਂਦਾ ਹੈ, ਕੋਈ ਵੀ ਇਸ ਤੋਂ ਬਚ ਨਹੀਂ ਸਕਦਾ।’ ਜ਼ਿਕਰਯੋਗ ਹੈ ਕਿ ਫਰਾਂਸੀਸੀ ਮੀਡੀਆ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਫੇਲ ਸੌਦੇ ਵਿਚ ਇਕ ‘ਵਿਚੋਲੇ’ ਨੂੰ ਲੱਖਾਂ ਯੂਰੋ ਅਦਾ ਕੀਤੇ ਗਏ ਹਨ।

 

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …