ਪਹਿਲਾਂ ਵੀ ਕੈਪਟਨ ਦੀ ਪਤਨੀ ਦੇ ਖਾਤੇ ‘ਚੋਂ ਉਡਾਏ ਸਨ 23 ਲੱਖ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੇ ਖਾਤੇ ਤੋਂ ਝਾਰਖੰਡ ਦੇ ਜਮਾਤਾੜਾ ਦੇ ਸਾਈਬਰ ਠੱਗਾਂ ਵਲੋਂ 23 ਲੱਖ ਰੁਪਏ ਦੀ ਠੱਗੀ ਤੋਂ ਬਾਅਦ ਹੁਣ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੇ ਖਾਤੇ ਵਿਚੋਂ ਇਕ ਕਰੋੜ ਰੁਪਏ ਉਡਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਵੀ ਦੇਵਘਰ ਜ਼ਿਲ੍ਹੇ ਦੇ ਸਾਈਬਰ ਅਪਰਾਧੀਆਂ ਦਾ ਨਾਂ ਸਾਹਮਣੇ ਆ ਰਿਹਾ ਹੈ। ਮਾਮਲੇ ਦੀ ਜਾਂਚ ਕਰਨ ਲਈ ਪੰਜਾਬ ਪੁਲਿਸ ਦੀ ਪੰਜ ਮੈਂਬਰੀ ਟੀਮ ਦੇਵਘਰ ਜ਼ਿਲ੍ਹੇ ਦੇ ਸਾਰਠ ਪਹੁੰਚੀ। ਪੰਜਾਬ ਪੁਲਿਸ ਦੀ ਟੀਮ ਨੇ ਸਾਰਠ ਪੁਲਿਸ ਦੀ ਮੱਦਦ ਨਾਲ ਸਾਈਬਰ ਅਪਰਾਧੀਆਂ ਦੀ ਗ੍ਰਿਫਤਾਰੀ ਲਈ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।
ਇਸੇ ਪੜਾਅ ਵਿਚ ਪੁਲਿਸ ਟੀਮ ਨੇ ਨਯਾਖਰਨਾ ਪਿੰਡ ਤੋਂ ਇਕ ਨੌਜਵਾਨ ਟਿੰਕੂ ਮਹਿਰਾ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲੈ ਆਏ ਤੇ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ। ਉਸ ਕੋਲੋਂ ਮਿਲੇ ਇਕ ਮੋਬਾਇਲ ਦੀ ਡਿਟੇਲ ਦੀ ਵੀ ਜਾਂਚ ਕੀਤੀ ਗਈ। ਬਾਅਦ ਵਿਚ ਪੁਲਿਸ ਨੇ ਹਿਰਾਸਤ ਵਿਚ ਲਏ ਨੌਜਵਾਨ ਨੂੰ ਨਿੱਜੀ ਮੁਚੱਲਕੇ ‘ਤੇ ਛੱਡ ਦਿੱਤਾ। ਪੁਲਿਸ ਨੇ ਉਸ ਨੌਜਵਾਨ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਕਿਸੇ ਵੀ ਸੂਰਤ ਵਿਚ ਉਹ ਆਪਣੇ ਘਰ ਤੋਂ ਬਾਹਰ ਨਾ ਜਾਵੇ। ਲੋੜ ਪੈਣ ‘ਤੇ ਉਸ ਨੂੰ ਦੁਬਾਰਾ ਥਾਣੇ ਬੁਲਾਇਆ ਜਾ ਸਕਦਾ ਹੈ। ਪੰਜਾਬ ਤੋਂ ਪਹੁੰਚੀ ਐਸ.ਆਈ. ਸਤਨਾਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਇਕ ਰਿਸ਼ਤੇਦਾਰ ਦੇ ਪੈਸੇ ਸਾਈਬਰ ਅਪਰਾਧੀਆਂ ਨੇ ਉਡਾ ਲਏ ਹਨ, ਇਸ ਨੂੰ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਅਪਰਾਧੀ ਬਹੁਤ ਛੇਤੀ ਪੁਲਿਸ ਹਿਰਾਸਤ ਵਿਚ ਹੋਣਗੇ। ਕਈ ਮੋਬਾਇਲ ਨੂੰ ਟਰੇਸ ਕੀਤਾ ਜਾ ਰਿਹਾ ਹੈ। ਸ਼ਰਾਰਤੀਆਂ ਨੇ ਗਰੀਬ ਤੇ ਅਨਪੜ੍ਹ ਲੋਕਾਂ ਦੇ ਨਾਮ ‘ਤੇ ਫਰਜ਼ੀ ਸਿਮ ਜਾਰੀ ਕਰਵਾਏ ਹੋਏ ਹਨ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …