24ਵੀਂ ਪਾਰਟੀ ਕਾਂਗਰਸ ਖੱਬੀਆਂ ਧਿਰਾਂ ਦੇ ਏਕੇ ਦਾ ਸੱਦਾ ਦਿੰਦੀ ਸਮਾਪਤ
ਵਿਜੈਵਾੜਾ : ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਆਂਧਰਾ ਪ੍ਰਦੇਸ਼ ਦੇ ਇਤਿਹਾਸਕ ਨਗਰ ਵਿਜੈਵਾੜਾ ਵਿੱਚ 24ਵੀਂ ਪਾਰਟੀ ਕਾਂਗਰਸ ਖੱਬੇਪੱਖੀ ਸਿਆਸੀ ਧਿਰਾਂ ਦੀ ਏਕਤਾ ਦਾ ਸੱਦਾ ਦਿੰਦਿਆਂ ਸਮਾਪਤ ਹੋ ਗਈ। ਕਾਂਗਰਸ ਦੇ ਆਖ਼ਰੀ ਦਿਨ ਕਾਮਰੇਡ ਡੀ. ਰਾਜਾ ਨੂੰ ਪਾਰਟੀ ਦਾ ਮੁੜ ਜਨਰਲ ਸਕੱਤਰ ਚੁਣਿਆ ਗਿਆ। ਪਾਰਟੀ ਕਾਂਗਰਸ 14 ਅਕਤੂਬਰ ਨੂੰ ਆਰੰਭ ਹੋਈ ਸੀ, ਜਿਸ ਵਿੱਚ ਪੰਜਾਬ ਸਣੇ ਵੱਖ-ਵੱਖ ਸੂਬਿਆਂ ਤੋਂ 750 ਡੈਲੀਗੇਟਾਂ ਨੇ ਭਾਗ ਲਿਆ। ਸੀਪੀਆਈ ਦੀ ਪੰਜਾਬ ਇਕਾਈ ਦੇ 31 ਡੈਲੀਗੇਟਾਂ ਨੇ ਕਾਮਰੇਡ ਬੰਤ ਸਿੰਘ ਬਰਾੜ ਦੀ ਅਗਵਾਈ ਹੇਠ ਪਾਰਟੀ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ। ਇਸ ਵਿੱਚ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਜਗਰੂਪ, ਕਾਮਰੇਡ ਗੁਲਜ਼ਾਰ ਗੋਰੀਆ ਅਤੇ ਅਮਰਜੀਤ ਸਿੰਘ ਆਸ਼ਟ ਸ਼ਾਮਲ ਸਨ। ਸ਼ਹਿਰ ਦੇ ਸ.ਸ. ਕਨਵੈਨਸ਼ਨ ਹਾਲ ਕੰਪਲੈਕਸ ਨੂੰ ਕਾਮਰੇਡ ਗੁਰੂਦਾਸ ਦਾਸ ਗੁਪਤਾ ਨਗਰ ਵਜੋਂ ਸਜਾਇਆ ਗਿਆ। ਸੈਮੀਨਾਰ ਹਾਲ ਕਾ. ਸ਼ਮੀਮ ਫ਼ੈਜ਼ੀ ਨੂੰ ਸਮਰਪਿਤ ਕੀਤਾ ਗਿਆ। ਸੀਪੀਆਈ ਨੇ ਵਰ੍ਹਦੇ ਮੀਂਹ ਵਿੱਚ ਸ਼ਹਿਰ ਵਿੱਚ ਅੱਠ ਕਿਲੋਮੀਟਰ ਤੱਕ ਜਨਤਕ ਰੈਲੀ ਵੀ ਕੱਢੀ, ਜਿਸ ਵਿੱਚ 50 ਹਜ਼ਾਰ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਪਾਰਟੀ ਮੈਂਬਰਾਂ ਨੇ ਭਾਗ ਲਿਆ। ਰੈਲੀ ਨੂੰ ਕਾਮਰੇਡ ਡੀ. ਰਾਜਾ, ਅਮਰਜੀਤ ਕੌਰ, ਕਾਮਰੇਡ ਸੁਧਾਕਰ ਰੈਡੀ ਆਦਿ ਨੇ ਸੰਬੋਧਨ ਕੀਤਾ।
Check Also
ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ
28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …