Breaking News
Home / ਭਾਰਤ / ਚੰਦਰਚੂੜ ਹੋਣਗੇ ਦੇਸ਼ ਦੇ ਅਗਲੇ ਚੀਫ ਜਸਟਿਸ

ਚੰਦਰਚੂੜ ਹੋਣਗੇ ਦੇਸ਼ ਦੇ ਅਗਲੇ ਚੀਫ ਜਸਟਿਸ

ਦੋ ਸਾਲ ਦਾ ਹੋਵੇਗਾ ਕਾਰਜਕਾਲ; 9 ਨਵੰਬਰ ਨੂੰ ਲੈਣਗੇ ਹਲਫ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਜਸਟਿਸ ਡੀ ਵਾਈ ਚੰਦਰਚੂੜ ਦੀ ਦੇਸ਼ ਦੇ ਅਗਲੇ ਚੀਫ ਜਸਟਿਸ ਵਜੋਂ ਨਿਯੁਕਤੀ ਕੀਤੀ ਗਈ ਹੈ। ਜਸਟਿਸ ਚੰਦਰਚੂੜ 9 ਨਵੰਬਰ ਨੂੰ ਸੁਪਰੀਮ ਕੋਰਟ ਦੇ 50ਵੇਂ ਚੀਫ ਜਸਟਿਸ ਵਜੋਂ ਹਲਫ਼ ਲੈਣਗੇ। ਉਨ੍ਹਾਂ ਦਾ ਕਾਰਜਕਾਲ ਦੋ ਸਾਲ ਦਾ ਹੈ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਇੱਕ ਟਵੀਟ ਵਿੱਚ ਕਿਹਾ, ”ਭਾਰਤੀ ਸੰਵਿਧਾਨ ਵੱਲੋਂ ਦਿੱਤੀ ਸ਼ਕਤੀ ਦੀ ਵਰਤੋਂ ਕਰਦਿਆਂ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਜੱਜ ਡਾ. ਜਸਟਿਸ ਡੀ ਵਾਈ ਚੰਦਰਚੂੜ ਨੂੰ 9 ਨਵੰਬਰ 2022 ਤੋਂ ਦੇਸ਼ ਦਾ ਚੀਫ ਜਸਟਿਸ ਨਿਯੁਕਤ ਕੀਤਾ ਹੈ।” ਚੀਫ ਜਸਟਿਸ ਯੂ.ਯੂ. ਲਲਿਤ ਅੱਠ ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਤੋਂ ਬਾਅਦ ਜਸਟਿਸ ਚੰਦਰਚੂੜ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀ ਕੇ ਮਿਸ਼ਰਾ ਅਤੇ ਕਾਨੂੰਨ ਮੰਤਰਾਲੇ ਦੇ ਨਿਆਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਜਸਟਿਸ ਚੰਦਰਚੂੜ ਨੂੰ ਰਾਸ਼ਟਰਪਤੀ ਦੇ ਦਸਤਖ਼ਤ ਵਾਲਾ ਨਿਯੁਕਤੀ ਪੱਤਰ ਨਿੱਜੀ ਤੌਰ ‘ਤੇ ਸੌਂਪਿਆ ਅਤੇ ਬਾਅਦ ਵਿੱਚ ਰਸਮੀ ਨੋਟੀਫਿਕੇਸ਼ਨ ਰਾਹੀਂ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ। ਚੀਫ ਜਸਟਿਸ ਲਲਿਤ ਨੇ 11 ਅਕਤੂਬਰ ਨੂੰ ਜਸਟਿਸ ਚੰਦਰਚੂੜ ਨੂੰ ਆਪਣਾ ਜਾਨਸ਼ੀਨ ਨਿਯੁਕਤ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਜਸਟਿਸ ਚੰਦਰਚੂੜ 10 ਨਵੰਬਰ 2024 ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ। ਉਹ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਵਾਈ.ਵੀ. ਚੰਦਰਚੂੜ ਦੇ ਪੁੱਤਰ ਹਨ, ਜੋ 1978 ਤੋਂ 1985 ਤੱਕ ਸੱਤ ਸਾਲ ਚਾਰ ਮਹੀਨੇ ਇਸ ਅਹੁਦੇ ‘ਤੇ ਰਹਿ ਚੁੱਕੇ ਹਨ। ਜਸਟਿਸ ਡੀ ਵਾਈ ਚੰਦਰਚੂੜ ਨੇ ਆਪਣੇ ਪਿਤਾ ਵੱਲੋਂ ਦਿੱਤੇ ਦੋ ਵੱਡੇ ਫ਼ੈਸਲਿਆਂ ਨੂੰ ਪਲਟ ਦਿੱਤਾ ਸੀ। ਜਸਟਿਸ ਚੰਦਰਚੂੜ ਨੇ ਹਾਵਰਡ ਲਾਅ ਸਕੂਲ ਤੋਂ ਪੀਐੱਚਡੀ ਕੀਤੀ ਹੋਈ ਹੈ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਫੈਸਲੇ ਲੈਣ ਸਮੇਂ ਕਿਸੇ ਨਾਲ ਲਿਹਾਜ਼ ਨਹੀਂ ਕਰਦੇ। ਉਨ੍ਹਾਂ ਨੇ ਕਰੋਨਾ ਕਾਲ ਦੌਰਾਨ ਵਰਚੁਅਲੀ ਸੁਣਵਾਈ ਸ਼ੁਰੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਜੋ ਹੁਣ ਸਥਾਈ ਵਿਸ਼ੇਸ਼ਤਾ ਬਣ ਚੁੱਕੀ ਹੈ। ਜਸਟਿਸ ਚੰਦਰਚੂੜ ਬੰਬੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕੀਤੀ ਹੈ। ਉਨ੍ਹਾਂ ਨੇ ਸੇਂਟ ਸਟੀਫ਼ਨ’ਜ਼ ਕਾਲਜ ਨਵੀਂ ਦਿੱਲੀ ਤੋਂ ਬੀਏ ਆਨਰਜ਼ (ਅਰਥਸ਼ਾਸਤਰ) ਤੇ ਕੈਂਪਸ ਲਾਅ ਸੈਂਟਰ, ਦਿੱਲੀ ਯੂਨੀਵਰਸਿਟੀ ਤੋਂ ਐੱਲਐੱਲਬੀ ਕੀਤੀ ਸੀ।
ਖੜਗੇ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ
24 ਸਾਲ ਬਾਅਦ ਗਾਂਧੀ ਪਰਿਵਾਰ ਤੋਂ ਬਾਹਰਲੇ ਵਿਅਕਤੀ ਨੂੰ ਮਿਲੀ ਪ੍ਰਧਾਨਗੀ
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰੁਜਨ ਖੜਗੇ ਪਾਰਟੀ ਪ੍ਰਧਾਨ ਦੀ ਚੋਣ ਜਿੱਤ ਗਏ ਹਨ। 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰਲਾ ਦਾ ਕੋਈ ਨੇਤਾ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਕੁੱਲ 9385 ਵੋਟਾਂ ਵਿਚੋਂ ਖੜਗੇ ਨੂੰ 7897 ਵੋਟਾਂ ਪਈਆਂ ਜਦ ਕਿ ਸ਼ਸ਼ੀ ਥਰੂਰ ਨੂੰ 1072 ਵੋਟਾਂ ਪਟੀਆਂ ਹਨ ਅਤੇ 416 ਵੋਟਾਂ ਰੱਦ ਕੀਤੀਆਂ ਗਈਆਂ। ਇਸ ਦੌਰਾਨ ਥਰੂਰ ਨੇ ਹਾਰ ਕਬੂਲ ਕਰ ਲਈ ਤੇ ਖੜਗੇ ਨੂੰ ਵਧਾਈ ਦਿੱਤੀ। ਇਸ ਦੇ ਚੱਲਦਿਆਂ ਸ਼ਸ਼ੀ ਥਰੂਰ ਦੀ ਟੀਮ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਦੌਰਾਨ ਉੱਤਰ ਪ੍ਰਦੇਸ਼ ਵਿੱਚ ਬਹੁਤ ਗੰਭੀਰ ਬੇਨਿਯਮੀਆਂ ਦਾ ਮੁੱਦਾ ਉਠਾਉਂਦੇ ਹੋਏ ਕਾਂਗਰਸ ਦੀ ਪ੍ਰਮੁੱਖ ਚੋਣ ਅਥਾਰਟੀ ਨੂੰ ਪੱਤਰ ਲਿਖਿਆ ਹੈ। ਟੀਮ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪਈਆਂ ਸਾਰੀਆਂ ਵੋਟਾਂ ਨੂੰ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਥਰੂਰ ਦੀ ਟੀਮ ਨੇ ਉੱਤਰ ਪ੍ਰਦੇਸ਼ ਤੋਂ ਇਲਾਵਾ ਪੰਜਾਬ ਅਤੇ ਤਿਲੰਗਾਨਾ ਵਿੱਚ ਚੋਣਾਂ ਦੌਰਾਨ ਗੰਭੀਰ ਸਮੱਸਿਆਵਾਂ ਦਾ ਮਸਲਾ ਵੀ ਚੁੱਕਿਆ ਹੈ।

 

Check Also

ਕਾਂਗਰਸ ਵੱਲੋਂ ਭਾਰਤ-ਚੀਨ ਸਬੰਧਾਂ ਦੇ ਸੰਪੂਰਨ ਹਾਲਾਤ ਬਾਰੇ ਸੰਸਦ ਵਿੱਚ ਚਰਚਾ ਕਰਨ ਦੀ ਮੰਗ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੇ ਭਾਰਤ-ਚੀਨ ਸਬੰਧਾਂ ਬਾਰੇ ਸੰਸਦ ਵਿੱਚ ਦਿੱਤੇ ਗਏ ਬਿਆਨ ਨੂੰ …