-3.7 C
Toronto
Sunday, December 21, 2025
spot_img
Homeਭਾਰਤਤੇਜ਼ੀ ਨਾਲ ਗਰਕਦਾ ਜਾ ਰਿਹਾ ਹੈ ਜੋਸ਼ੀਮੱਠ

ਤੇਜ਼ੀ ਨਾਲ ਗਰਕਦਾ ਜਾ ਰਿਹਾ ਹੈ ਜੋਸ਼ੀਮੱਠ

ਇਸਰੋ ਮੁਤਾਬਕ 12 ਦਿਨਾਂ ’ਚ 5.4 ਸੈਂਟੀਮੀਟਰ ਜ਼ਮੀਨ ਧਸੀ
ਦੇਹਰਾਦੂਨ/ਬਿਊਰੋ ਨਿਊਜ਼
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਨੇ ਜੋਸ਼ੀਮੱਠ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਇਸਦੇ ਗਰਕ ਹੋਣ ਬਾਰੇ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੂਰਾ ਸ਼ਹਿਰ ਗਰਕਦਾ ਜਾ ਰਿਹਾ ਹੈ। ਤਸਵੀਰਾਂ ਕਾਰਟੋਸੈਟ-2ਐੱਸ ਸੈਟੇਲਾਈਟ ਤੋਂ ਲਈਆਂ ਗਈਆਂ ਹਨ। ਹੈਦਰਾਬਾਦ ਸਥਿਤ ਐੱਨਆਰਐੱਸਸੀ ਨੇ ਗਰਕ ਰਹੇ ਖੇਤਰਾਂ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਤਸਵੀਰਾਂ ’ਚ ਫੌਜ ਦੇ ਹੈਲੀਪੈਡ ਅਤੇ ਨਰਸਿਮ੍ਹਾ ਮੰਦਰ ਸਮੇਤ ਪੂਰੇ ਸ਼ਹਿਰ ਨੂੰ ਸੰਵੇਦਨਸ਼ੀਲ ਜ਼ੋਨ ਵਜੋਂ ਦਰਸਾਇਆ ਗਿਆ ਹੈ। ਇਸਰੋ ਦੀ ਮੁੱਢਲੀ ਰਿਪੋਰਟ ਦੇ ਆਧਾਰ ’ਤੇ ਉੱਤਰਾਖੰਡ ਸਰਕਾਰ ਖ਼ਤਰੇ ਵਾਲੇ ਇਲਾਕਿਆਂ ’ਚ ਬਚਾਅ ਮੁਹਿੰਮ ਚਲਾ ਰਹੀ ਹੈ ਅਤੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਰਿਪੋਰਟ ਅਨੁਸਾਰ ਅਪਰੈਲ ਅਤੇ ਨਵੰਬਰ 2022 ਦੇ ਵਿਚਕਾਰ ਜ਼ਮੀਨ ਦੇ ਧਸਣ ਦੀ ਰਫਤਾਰ ਹੌਲੀ ਸੀ, ਜਿਸ ਦੌਰਾਨ ਜੋਸ਼ੀਮੱਠ 8.9 ਸੈਂਟੀਮੀਟਰ ਤੱਕ ਗਰਕਿਆ ਪਰ 27 ਦਸੰਬਰ 2022 ਤੋਂ 8 ਜਨਵਰੀ 2023 ਦੇ ਵਿਚਕਾਰ ਇਹ ਰਫਤਾਰ ਵਧ ਗਈ। ਇਨ੍ਹਾਂ 12 ਦਿਨਾਂ ਵਿੱਚ ਕਸਬਾ 5.4 ਸੈਂਟੀਮੀਟਰ ਤੱਕ ਗਰਕ ਗਿਆ। ਸੈਟੇਲਾਈਟ ਤਸਵੀਰਾਂ ਦਿਖਾਉਂਦੀਆਂ ਹਨ ਕਿ ਜੋਸ਼ੀਮੱਠ-ਔਲੀ ਸੜਕ ਵੀ ਜ਼ਮੀਨ ਧਸਣ ਕਾਰਨ ਟੁੱਟਣ ਵਾਲੀ ਹੈ। ਹਾਲਾਂਕਿ ਵਿਗਿਆਨੀ ਅਜੇ ਵੀ ਕਸਬੇ ’ਚ ਜ਼ਮੀਨ ਖਿਸਕਣ ਤੋਂ ਬਾਅਦ ਘਰਾਂ ਅਤੇ ਸੜਕਾਂ ’ਚ ਨਜ਼ਰ ਆਈਆਂ ਤਰੇੜਾਂ ਦਾ ਅਧਿਐਨ ਕਰ ਰਹੇ ਹਨ ਪਰ ਇਸਰੋ ਦੀ ਮੁੱਢਲੀ ਰਿਪੋਰਟ ’ਚ ਸਾਹਮਣੇ ਆਏ ਖੁਲਾਸੇ ਡਰਾਉਣੇ ਹਨ।

 

RELATED ARTICLES
POPULAR POSTS