ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਭਰ ਵਿਚ ਬੱਚਿਆਂ ਲਈ ਖੰਘ ਦੀ ਦਵਾਈ ਵਜੋਂ ਦਿੱਤਾ ਜਾਂਦਾ ਕਫ ਸਿਰਪ ਕੋਲਡਰਿਫ ਨੂੰ ਪੰਜਾਬ ਸਰਕਾਰ ਨੇ ਵੀ ਬੈਨ ਕਰ ਦਿੱਤਾ ਹੈ। ਪੰਜਾਬ ਦੇ ਜੁਆਇੰਟ ਕਮਿਸ਼ਨ ਡਰੱਗਜ਼ ਨੇ ਇਸਦੀ ਵਿਕਰੀ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਹੈ। ਧਿਆਨ ਰਹੇ ਕਿ ਕੁਝ ਚਿਰ ਪਹਿਲਾਂ ਮੱਧ ਪ੍ਰਦੇਸ਼ ਵਿਚ ਇਸ ਸਿਰਪ ਦੇ ਇਸਤੇਮਾਲ ਨਾਲ 17 ਬੱਚਿਆਂ ਦੀ ਜਾਨ ਚਲੇ ਗਈ ਸੀ। ਇਸ ਤੋਂ ਬਾਅਦ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਇਸ ਸਿਰਪ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਪੰਜਾਬ ਦੇ ਸਿਹਤ ਵਿਭਾਗ ਵਲੋਂ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਦੱਸਿਆ ਗਿਆ ਕਿ ਪੰਜਾਬ ਦੇ ਸਾਰੇ ਪ੍ਰਚੂਨ ਵਿਕਰੇਤਾ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਹਸਪਤਾਲ ਅਤੇ ਸਿਹਤ ਸੰਭਾਲ ਸੰਸਥਾਵਾਂ ਨੂੰ ਕਿਹਾ ਗਿਆ ਹੈ ਕਿ ਇਸ ਉਤਪਾਦ ਨੂੰ ਨਾ ਖਰੀਦਿਆ ਜਾਵੇ, ਨਾ ਵੇਚਿਆ ਜਾਵੇ ਅਤੇ ਨਾ ਹੀ ਇਸਦੀ ਵਰਤੋਂ ਕੀਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਕੋਲਡਰਿਫ ਸਿਰਪ ਵਿਚ ਡਾਈਥੀਨੀਲ ਗਲਾਈਕਾਲ ਨਾਮ ਦਾ ਤੱਤ ਪਾਇਆ ਜਾਂਦਾ ਹੈ, ਜੋ ਕਿ ਉਦਯੋਗਿਕ ਇਕਾਈਆਂ ਵਿਚ ਵਰਤਿਆ ਜਾਂਦਾ ਹੈ। ਇਹ ਇਕ ਜ਼ਹਿਰੀਲਾ ਤੱਤ ਹੈ ਅਤੇ ਇਸ ਸਿਰਪ ਦੀ ਥੋੜ੍ਹੀ ਜਿਹੀ ਓਡਰਡੋਜ਼ ਵੀ ਬੱਚੇ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ।