ਜੰਮੂ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਧਾਨ ਸਭਾ ਨੇ ਸੂਬੇ ਦੀ ਸਪੈਸ਼ਲ ਸਟੇਟਸ ਧਾਰਾ 370 ਨੂੰ ਫਿਰ ਤੋਂ ਬਹਾਲ ਕਰਨ ਦਾ ਮਤਾ ਕਰ ਦਿੱਤਾ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨੇ ਇਸਦਾ ਵਿਰੋਧ ਕੀਤਾ ਤੇ ਮਤੇ ਦੀਆਂ ਕਾਪੀਆਂ ਪਾੜ ਦਿੱਤੀਆਂ। ਭਾਜਪਾ ਵਿਧਾਇਕਾਂ ਨੇ ਵੇਲ ਵਿਚ ਜਾ ਕੇ ਨਾਅਰੇਬਾਜ਼ੀ ਵੀ ਕੀਤੀ। ਭਾਜਪਾ ਦਾ ਆਰੋਪ ਸੀ ਕਿ ਸਪੀਕਰ ਨੇ ਮੰਤਰੀਆਂ ਦੀ ਬੈਠਕ ਬੁਲਾਈ ਅਤੇ ਖੁਦ ਹੀ ਮਤੇ ਦਾ ਮਸੌਦਾ ਤਿਆਰ ਕੀਤਾ। ਇਸੇ ਦੌਰਾਨ ਭਾਜਪਾ ਦੇ ਵਿਧਾਇਕਾਂ ਨੇ ਬੈਂਚਾਂ ’ਤੇ ਚੜ੍ਹ ਕੇ ਹੰਗਾਮਾ ਕੀਤਾ। ਹੰਗਾਮੇ ਦੇ ਚੱਲਦਿਆਂ ਸਦਨ ਦੀ ਕਾਰਵਾਈ ਭਲਕੇ ਵੀਰਵਾਰ ਤੱਕ ਲਈ ਮੁਅੱਤਲ ਕਰ ਦਿੱਤੀ ਗਈ। ਭਾਜਪਾ ਨੇ ਆਰੋਪ ਲਗਾਇਆ ਕਿ ਨੈਸ਼ਨਲ ਕਾਨਫਰੰਸ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਕਿਹਾ ਕਿ ਕੋਈ ਵੀ ਵਿਧਾਨ ਸਭਾ ਧਾਰਾ 370 ਅਤੇ 35 ਏ ਨੂੰ ਵਾਪਸ ਨਹੀਂ ਲਿਆ ਸਕਦੀ। ਇਸੇ ਦੌਰਾਨ ਭਾਜਪਾ ਆਗੂਆਂ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਪੁਤਲਾ ਵੀ ਜਲਾਇਆ।